ਆਈ.ਏ.ਐਸ. ਅਧਿਕਾਰੀ ਗੁਰਕੰਵਲ ਸਿੰਘ ਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਬਾਬੂਸ਼ਾਹੀ ਬਿਊਰੋ
ਹੁਸ਼ਿਆਰਪੁਰ, 27 ਅਪ੍ਰੈਲ : 2025 ਬੈਚ ਦੇ ਆਈ.ਏ.ਐਸ. ਅਧਿਕਾਰੀ ਗੁਰਕੰਵਲ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਮੌਜ਼ੂਦਗੀ ਵਿਚ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਵਜੋਂ ਅਹੁਦਾ ਸੰਭਾਲਿਆ।
ਜਲੰਧਰ ਜ਼ਿਲ੍ਹੇ ਨਾਲ ਸਬੰਧਤ ਗੁਰਕੰਵਲ ਸਿੰਘ, ਜਿਨ੍ਹਾਂ ਦੀ ਇਹ ਪਹਿਲੀ ਫੀਲਡ ਪੋਸਟਿੰਗ ਹੈ, ਨੇ ਥਾਪਰ ਯੂਨੀਵਰਸਿਟੀ, ਪਟਿਆਲਾ ਤੋਂ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ। ਉਨ੍ਹਾ ਦੇ ਪਿਤਾ ਸਤਪਾਲ ਸਿੰਘ ਮੁਲਤਾਨੀ ਸੇਵਾ ਮੁਕਤ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਹਨ।
ਅਹੁਦਾ ਸੰਭਾਲਣ ਸਮੇਂ ਗੁਰਕੰਵਲ ਸਿੰਘ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਤੇ ਨਾਗਰਿਕ ਸੇਵਾਵਾਂ ਲੋਕਾਂ ਤੱਕ ਘੱਟੋ-ਘੱਟ ਸਮੇਂ ਵਿਚ ਪੁੱਜਦੀਆਂ ਕਰਨਾ ਅਤੇ ਜਨਤਕ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਉਨ੍ਹਾਂ ਦੀ ਮੁੱਖ ਤਰਜ਼ੀਹ ਰਹੇਗੀ। ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਗੁਰਕੰਵਲ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਅਤੇ ਪ੍ਰਸ਼ਾਸਨਿਕ ਸੇਵਾਵਾਂ ਦੇ ਖੇਤਰ ਵਿਚ ਬਿਹਤਰੀਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ, ਆਈ.ਏ.ਐਸ. ਅਧਿਕਾਰੀ ਗੁਰਕੰਵਲ ਸਿੰਘ ਦੇ ਪਿਤਾ ਸਤਪਾਲ ਸਿੰਘ ਮੁਲਤਾਨੀ, ਮਾਤਾ ਪਰਮਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
Click to Follow Babushahi Facebook page →