ਡਾ. ਗੁਰਮਿੰਦਰ ਸਿੱਧੂ ਦਾ ਯਾਤਰਾ ਪ੍ਰਸੰਗ ‘ਪਰਦੇਸਾਂ ਵਿੱਚੋਂ ਚੁਗੇ ਹਰਫ਼’ ਹੋਇਆ ਲੋਕ-ਅਰਪਣ -
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਰਚਾਇਆ ਸ਼ਾਨਦਾਰ ਸਮਾਗਮ
ਜਸਬੀਰ ਭੁੱਲਰ, ਹਰਜਿੰਦਰ ਕੌਰ, ਡਾ. ਬਲਵਿੰਦਰ ਕੌਰ ਬਰਾੜ ਅਤੇ ਜਸਵੀਰ ਰਾਣਾ ਨੇ ਸਾਂਝੇ ਕੀਤੇ ਬਹੁਮੁੱਲੇ ਵਿਚਾਰ
Ravi Jakhu
ਚੰਡੀਗੜ੍ਹ: 19 ਐਪ੍ਰਲ 2026
ਅੱਜ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਭਵਨ ਵਿਖੇ ਪ੍ਰਸਿੱਧ ਲੇਖਿਕਾ ਡਾ. ਗੁਰਮਿੰਦਰ ਸਿੱਧੂ ਵੱਲੋਂ ਵਿਦੇਸ਼ਾਂ ਦੀ ਸੈਰ ਵੇਲ਼ੇ ਹੰਢਾਏ ਅਨੁਭਵਾਂ ਤੇ ਅਧਾਰਿਤ ਵਾਰਤਕ ਪੁਸਤਕ ‘ਪਰਦੇਸਾਂ ਵਿੱਚੋਂ ਚੁਗੇ ਹਰਫ਼’ ਲੋਕ ਅਰਪਿਤ ਕੀਤੀ ਅਤੇ ਇਸ ਉੱਤੇ ਬੜੀ ਸਾਰਥਕ ਵਿਚਾਰ ਚਰਚਾ ਕਰਵਾਈ ਗਈ I ਉੱਘੇ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਪੰਜਾਬ ਕਲਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਮੁੱਖ ਮਹਿਮਾਨ ਸਨ I ਪ੍ਰਸਿੱਧ ਚਿੰਤਕ ਅਤੇ ਸਮਾਜਿਕ ਸਰੋਕਾਰਾਂ ਬਾਰੇ ਉੱਘੀ ਵਕਤਾ ਡਾ. ਬਲਵਿੰਦਰ ਕੌਰ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਤਾਬ ‘ਤੇ ਪਰਚਾ ਪ੍ਰਸਿੱਧ ਆਲੋਚਕ ਅਤੇ ਕਹਾਣੀਕਾਰ ਜਸਵੀਰ ਰਾਣਾ ਨੇ ਪੜ੍ਹਿਆ I ਪੁਸਤਕ ਰਿਲੀਜ਼ ਕਰਨ ਵੇਲ਼ੇ ਪ੍ਰਧਾਨਗੀ ਮੰਡਲ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਅਤੇ ਡਾ. ਬਲਦੇਵ ਸਿੰਘ ਖਹਿਰਾ ਮੌਜੂਦ ਰਹੇ I ਆਏ ਮਹਿਮਾਨਾਂ ਦੇ ਸਵਾਗਤ ਮੌਕੇ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਅਨੁਭਵਾਂ ਰਾਹੀਂ ਉਪਜਿਆ ਸਾਹਿਤ ਆਪਣੀ ਵੱਖਰੀ ਪਹਿਚਾਣ ਬਨਾਉਣ ਦੇ ਸਮਰੱਥ ਹੁੰਦਾ ਹੈ I ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਲੇਖਿਕਾ ਵੱਲੋਂ ਪੁਸਤਕ ਵਿੱਚ ਛੂਹੇ ਸਾਰੇ ਪੱਖਾਂ ਦੀ ਗੱਲ ਕਰਦਿਆਂ ਇਸ ਨੂੰ ਵਿਲੱਖਣ ਯਾਤਰਾ-ਪ੍ਰਸੰਗ ਦੱਸਿਆ I

ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਨੇ ਇੱਕ ਵਧੀਆ ਕਵਿਤਾ ਦੇ ਰੂਪ ਵਿੱਚ ਗੁਰਮਿੰਦਰ ਸਿੱਧੂ ਦੀ ਸ਼ਖ਼ਸੀਅਤ ਅਤੇ ਉਹਨਾਂ ਦੇ ਸਾਹਿਤਿਕ ਯੋਗਦਾਨ ਬਾਰੇ ਆਪਣੇ ਵਿਚਾਰ ਰੱਖੇ I ਪ੍ਰਭਜੋਤ ਕੌਰ ਜੋਤ ਦੀਆਂ ਕੁਝ ਢੁੱਕਵੀਆਂ ਸਤਰਾਂ ਵੀ ਇਸ ਮੌਕੇ ਪੜ੍ਹੀਆਂ ਗਈਆਂ I ਪਰਚਾ ਲੇਖਕ ਜਸਵੀਰ ਰਾਣਾ ਨੇ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਕਿਤਾਬ ਦੇ ਅੰਦਰ ਦੀ ਝਾਤ ਸਾਂਝੀ ਕੀਤੀ ਅਤੇ ਕਿਹਾ ਕਿ ਗੁਰਮਿੰਦਰ ਸਿੱਧੂ ਨੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੀ ਆਪਣਾ ਪਿਛੋਕੜ ਵਿਸਾਰਿਆ ਨਹੀਂ ਸਗੋਂ ਓਥੋਂ ਦੇ ਅਨੁਭਵਾਂ ਨੂੰ ਸਹੇਜ ਕੇ ਪੰਜਾਬੀ ਵਿਰਾਸਤ ਅਤੇ ਸਭਿਆਚਾਰ ਨੂੰ ਨਾਲ਼ੋਂ ਨਾਲ਼ ਤੋਰਿਆ ਹੈ I ਸਾਬਕਾ ਜ਼ਿਲ੍ਹਾ ਭਾਸ਼ਾ ਅਧਿਕਾਰੀ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਇਹ ਸਫ਼ਰਨਾਮਾ ਕਾਵਿਮਈ ਵਾਰਤਕ ਹੈ I ਡਾ. ਬਲਵਿੰਦਰ ਕੌਰ ਬਰਾੜ ਨੇ ਲੇਖਿਕਾ ਨਾਲ਼ ਆਪਣੀ ਪੁਰਾਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਗੁਰਮਿੰਦਰ ਸਿੱਧੂ ਦੇ ਬੋਲ਼ ਹੀ ਕਵਿਤਾ ਵਰਗੇ ਹਨ I ਉਹਨਾਂ ਕਿਹਾ ਕਿ ਮਹਿਸੂਸ ਕਰਨ ਅਤੇ ਬੋਲਣ ਦਰਮਿਆਨ ਇੱਕ ਵਿਰਲ ਰਹਿ ਜਾਂਦੀ ਹੈ ਜਿਸਨੂੰ ਪੂਰਾ ਕਰਨਾ ਲੇਖਿਕਾ ਨੂੰ ਖ਼ੂਬ ਆਉਂਦਾ ਹੈ I ‘ਪਰਦੇਸਾਂ ਵਿੱਚੋਂ ਚੁਗੇ ਹਰਫ਼’ ਦੀ ਲੇਖਿਕਾ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਜ਼ਿੰਦਗੀ ਨਾਲ਼ ਇਸ਼ਕ਼ ਹੈ I ਬਾਹਰਲੇ ਮੁਲਕਾਂ ‘ਚ ਵਿਚਰਦਿਆਂ ਓਥੋਂ ਦੇ ਸਮਾਜਿਕ, ਸਭਿਆਚਾਰਕ, ਧਾਰਮਿਕ, ਆਰਥਿਕ ਵੱਖਰੇਵਿਆਂ ਨੇ ਬਹੁਤ ਕੁਝ ਮਹਿਸੂਸ ਕਰਵਾਇਆ ਜਿਸ ਨਾਲ਼ ਇਹ ਹਰਫ਼ ਚੁਗੇ ਜਾ ਸਕੇ I ਮੁੱਖ ਮਹਿਮਾਨ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਗੁਰਮਿੰਦਰ ਸਿੱਧੂ ਦੀ ਲੇਖਣੀ ਵਿੱਚ ਮੁਹੱਬਤੀ ਛੋਹ ਹੈ ਜਿਸ ਨਾਲ਼ ਰਿਸ਼ਤੇ ਨਿਭਾਉਣ ਦਾ ਚੱਜ ਸਾਹਵੇਂ ਰਹਿੰਦਾ ਹੈ ਅਤੇ ਜੜ੍ਹਾਂ ਨਾਲ਼ੋਂ ਨਾ ਟੁੱਟਣ ਦਾ ਤੱਹਈਆ ਇਸ ਸਫ਼ਰਨਾਮੇ ਦੀ ਰੂਹ ਹੈ I ਆਪਣੇ ਪ੍ਰਧਾਨਗੀ ਸ਼ਬਦਾਂ ਵਿੱਚ ਕਰਨਲ ਜਸਬੀਰ ਭੁੱਲਰ ਨੇ ਆਖਿਆ ਕਿ ਆਪਣੇ ਅਨੁਭਵਾਂ ਨੂੰ ਕੱਠੇ ਕਰਕੇ ਸ਼ਬਦਾਂ ਦੀ ਚਾਸ਼ਨੀ ਨਾਲ਼ ਵਰਕਿਆਂ ਤੇ ਉਤਾਰਣਾ ਗੁਰਮਿੰਦਰ ਸਿੱਧੂ ਦੀ ਕਲਮ ਦੀ ਵਿਲੱਖਣ ਤਾਕ਼ਤ ਹੈ I ਉਹਨਾਂ ਕਿਹਾ ਕਿ ਸਫ਼ਰਨਾਮੇ ਤਾਂ ਬਹੁਤ ਲਿਖੇ ਜਾ ਚੁੱਕੇ ਹਨ ਪਰ ਇਹ ਯਾਤਰਾ-ਪ੍ਰਸੰਗ ਇੱਕ ਵੱਖਰੇ ਅਹਿਸਾਸ ਰਾਹੀਂ ਪਾਠਕ ਨੂੰ ਆਪਣੇ ਨਾਲ਼ ਤੋਰਦਾ ਹੈ I ਡਾ. ਬਲਦੇਵ ਸਿੰਘ ਖਹਿਰਾ ਨੇ ਅੱਜ ਦੇ ਸਮਾਗਮ ਵਿੱਚ ਹਾਜ਼ਿਰ ਸਾਹਿਤਕਾਰਾਂ, ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਗੁਰਮਿੰਦਰ ਸਿੱਧੂ ਦੇ ਇਸ ਯਤਨ ਨੂੰ ਮਿਲੇ ਹੁੰਗਾਰੇ ਨਾਲ਼ ਉਹਨਾਂ ਦੀ ਕਲਮ ਨੂੰ ਹੋਰ ਸਿਰਜਣ ਦਾ ਹੋਂਸਲਾ ਮਿਲੇਗਾ I ਅੱਜ ਦੇ ਇਸ ਸਮਾਰੋਹ ਵਿੱਚ ਬਹੁਤ ਸਾਰੀਆਂ ਹੋਰ ਅਦਬੀ ਸ਼ਖ਼ਸੀਅਤਾਂ ਨੇ ਨਿੱਠ ਕੇ ਹਾਜ਼ਰੀ ਲੁਆਈ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਡਾ. ਪਿਆਰਾ ਲਾਲ ਗਰਗ, ਡਾ. ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਮਨਜੀਤ ਸਿੰਘ ਖਹਿਰਾ, ਦਵਿੰਦਰ ਦਮਨ, ਜਸਵੰਤ ਦਮਨ, ਸੰਗੀਤਾ ਗੁਪਤਾ, ਬਲਕਾਰ ਸਿੱਧੂ, ਪਾਲ ਅਜਨਬੀ, ਰਾਜਿੰਦਰ ਕੌਰ, ਹਰਮਿੰਦਰ ਕਾਲੜਾ, ਲਾਭ ਸਿੰਘ ਲਹਿਲੀ, ਏ. ਐੱਸ. ਪਾਲ, ਪ੍ਰਿੰ. ਗੁਰਦੇਵ ਪਾਲ, ਡਾ. ਨੀਨਾ ਸੈਣੀ, ਵਰਿੰਦਰ ਸਿੰਘ ਚੱਠਾ, ਨਵਨੀਤ ਕੌਰ ਮਠਾੜੂ,ਸੁਖਵੀਰ ਕੌਰ, ਪਰਮਜੀਤ ਮਾਨ, ਸੁਰਜੀਤ ਸੁਮਨ, ਅਰਸ਼ਪ੍ਰੀਤ ਸਿੰਘ, ਅਮਰਜੀਤ ਸਿੰਘ ਵਾਲੀਆ, ਅਮਰਾਓ ਸਿੰਘ ਗਿੱਲ, ਸੁਰਿੰਦਰ ਕੁਮਾਰ, ਦਵਿੰਦਰ ਕੌਰ ਢਿੱਲੋਂ, ਅਮਰਇੰਦਰ ਕੌਰ ਭੁੱਲਰ, ਰਾਜਿੰਦਰ ਸਿੰਘ ਧੀਮਾਨ, ਡਾ. ਸੁੱਖਵਿੰਦਰ ਸਿੰਘ, ਪ੍ਰੋ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਸੁਰਿੰਦਰ ਅਤੈ ਸਿੰਘ, ਸਰਬਜੀਤ ਸਿੰਘ, ਰਾਜ ਸਮੱਧਰ, ਚਰਨਜੀਤ ਕੌਰ ਬਾਠ, ਅਰਵਿੰਦ ਦਮਨ, ਜਗਤਾਰ ਸਿੰਘ ਜੋਗ, ਸ਼ਮਸ਼ੀਲ ਸਿੰਘ ਸੋਢੀ, ਡਾ. ਰਮਾ ਰਤਨ, ਹਰਭਜਨ ਕੌਰ ਢਿੱਲੋਂ, ਪਰਮਜੀਤ ਪਰਮ, ਸਿਮਰਜੀਤ ਗਰੇਵਾਲ, ਗੁਰਦੀਪ ਗੁਲ, ਮੀਤ ਰੰਗਰੇਜ਼, ਮਿੰਨੀ ਸਰਕਾਰੀਆ, ਕੰਵਲਦੀਪ ਕੌਰ, ਗੁਰਦਰਸ਼ਨ ਸਿੰਘ ਮਾਵੀ, ਭੁਪਿੰਦਰ ਸਿੰਘ ਬੇਕਸ, ਹਰਜੀਤ ਕੌਰ, ਮਨਦੀਪ ਕੌਰ, ਬਲਵਿੰਦਰ ਕੌਰ, ਕ੍ਰਿਸ਼ਨ ਕੁਮਾਰ ਸਿੰਗਲਾ, ਸੁਖਵਿੰਦਰ ਸਿੰਘ, ਹਰਜਿੰਦਰ ਪਾਲ ਸਿੰਘ, ਇੰਦਰਜੀਤ ਕੌਰ, ਡਾ. ਸਾਧਨਾ ਸੰਗਰ, ਤਰੁਨਪ੍ਰੀਤ ਕੌਰ, ਰਜਿੰਦਰ ਸਿੰਘ, ਹਰਜੀਤ ਸਿੰਘ, ਗੁਰਜੀਤ ਕੌਰ, ਦਵੀ ਦਵਿੰਦਰ ਕੌਰ, ਕੁਲਪ੍ਰੀਤ ਬਰਾੜ, ਬਲਦੇਵ ਸਿੰਘ ਸਪਤਰਿਸ਼ੀ, ਗੁਰਮੀਤ ਸਿੰਘ ਜੌੜਾ, ਡਾ. ਨੀਲਮ ਗੋਇਲ, ਅਮਰਜੀਤ, ਅਰਸ਼ਦੀਪ ਸਿੰਘ,ਸੰਜੀਵਨ ਸਿੰਘ, ਸੁਰਿੰਦਰ ਬਾਂਸਲ, ਡਾ. ਮਨਜੀਤ ਸਿੰਘ ਮਝੈਲ, ਰਵਿੰਦਰ ਕੌਰ, ਅਜਾਇਬ ਸਿੰਘ ਔਜਲਾ, ਡਾ. ਕੁਲਬੀਰ ਕੌਰ ਵਿਰਕ, ਮਲਕੀਅਤ ਬਸਰਾ ਅਤੇ ਪ੍ਰਭਜੋਤ ਢਿੱਲੋਂ ਦੇ ਨਾਮ ਕਾਬਿਲੇ ਜ਼ਿਕਰ ਹਨ I
Click to Follow Babushahi Facebook page →