ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਅਖੰਡਪਾਠ ਦੇ ਭੋਗ ਮੌਕੇ ਹੋਏ ਨਤਮਸਤਕ
ਕਿਹਾ ਕਿ ਬੇਅਦਬੀ ਮਾਮਲੇ ਸਬੰਧੀ ਸਜਾਵਾਂ ਦੇਣ ਵਾਲੇ ਬਿੱਲ ਤੇ ਰਾਜਪਾਲ ਵੱਲੋਂ ਕੀਤੇ ਗਏ ਦਸਤਖ਼ਤ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2026 : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਉਸ ਇਤਿਹਾਸਕ ਦਿਨ ਗੁਰੂ ਸਾਹਿਬ ਨੇ ਜਾਤ-ਪਾਤ, ਊਚ-ਨੀਚ ਅਤੇ ਭੇਦਭਾਵ ਨੂੰ ਖ਼ਤਮ ਕਰਕੇ ‘ਪੰਜ ਪਿਆਰਿਆਂ’ ਨੂੰ ਅੰਮ੍ਰਿਤ ਛਕਾ ਕੇ ਖ਼ਾਲਸੇ ਦੀ ਸਿਰਜਣਾ ਕੀਤੀ। ਖ਼ਾਲਸੇ ਨੂੰ ‘ਸਵਾ ਲੱਖ ਨਾਲ ਇਕ ਲੜਾਵਾਂ’ ਦਾ ਸੰਕਲਪ ਦੇ ਕੇ ਗੁਰੂ ਸਾਹਿਬ ਨੇ ਜ਼ੁਲਮ ਵਿਰੁੱਧ ਲੜਨ, ਸੱਚ ਅਤੇ ਧਰਮ ਦੀ ਰਾਖੀ ਕਰਨ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਕਿਹਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਥਾਨਕ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਖ਼ਾਲਸਾ ਸਿਰਜਨਾ ਦਿਵਸ (ਵਿਸਾਖੀ) ਸਬੰਧੀ ਰਖਵਾਏ ਗਏ ਸ੍ਰੀ ਅਖੰਡਪਾਠ ਦੇ ਭੋਗ ਦੌਰਾਨ ਨਤਮਸਤਕ ਹੋ ਕੇ ਸੰਗਤਾਂ ਦੇ ਰੂਬਰੂ ਹੁੰਦਿਆਂ ਕੀਤਾ।
ਸ. ਸੰਧਵਾਂ ਨੇ ਇਸ ਮੌਕੇ ਅਪੀਲ ਕਰਦਿਆਂ ਕਿਹਾ ਕਿ ਵਿਸਾਖੀ ਦੇ ਪਵਿੱਤਰ ਦਿਨ ਸਾਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਸਰਬੱਤ ਦੇ ਭਲੇ, ਭਾਈਚਾਰਕ ਸਾਂਝ ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਅਪਨਾਉਣ ਦੇ ਨਾਲ-ਨਾਲ ਸੂਬੇ ਵਿੱਚ ਅਮਨ-ਸ਼ਾਂਤੀ, ਖੁਸ਼ਹਾਲੀ ਅਤੇ ਨਿਆਂ-ਪ੍ਰਧਾਨ ਸਮਾਜ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਰਹਿਣਾ ਚਾਹੀਦਾ ਹੈ।
ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜਾਵਾਂ ਮਿਲਣ ਸਬੰਧੀ ਜੋ ਬਿੱਲ ਲਿਆਂਦਾ ਗਿਆ ਸੀ, ਉਸ ਬਿੱਲ ਨੂੰ ਗਵਰਨਰ ਕੋਲ ਭੇਜਿਆ ਗਿਆ ਸੀ। ਇਸ ਬਿੱਲ ਉੱਪਰ ਪੰਜਾਬ ਦੇ ਗਵਰਨਰ ਵੱਲੋਂ ਦਸਤਖਤ ਕਰ ਦਿੱਤੇ ਗਏ ਹਨ ਅਤੇ ਹੁਣ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਾਨੂੰਨ ਮੁਤਾਬਕ ਸਜਾਵਾਂ ਮਿਲਣਗੀਆਂ।
ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Click to Follow Babushahi Facebook page →