ਪਾਟਿਆ ਤੇ ਪੁਰਾਣਾ ਬਾਰਦਾਨਾ ਦਿਖਾਉਦੇ ਹੋਏ ਸਾਬਕਾ ਵਿਧਾਇਕ ਨਾਗਰਾ ਅਤੇ ਹੋਰ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ 13 ਅਪ੍ਰੈਲ 2026 : ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅਨਾਜ ਮੰਡੀ ਚਨਾਰਥਲ ਕਲਾਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਕਿਰਿਆ ਅਤੇ ਮੰਡੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ , ਇਸ ਦੌਰਾਨ ਆੜ੍ਹਤੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਐੱਫ.ਸੀ.ਆਈ. ਵੱਲੋਂ ਪੁਰਾਣਾ ਅਤੇ ਪਾਟਿਆ ਹੋਇਆ ਬਾਰਦਾਨਾ ਭੇਜਿਆ ਜਾ ਰਿਹਾ ਹੈ , ਸ:ਨਾਗਰਾ ਨੇ ਕਿਹਾ ਕਿ ਮੰਡੀਆਂ ਵਿੱਚ ਭੇਜੇ ਗਏ ਬਾਰਦਾਨੇ ਵਿੱਚੋਂ ਕਰੀਬ 50 ਫੀਸਦੀ ਬਾਰਦਾਨਾ ਖਰਾਬ ਹੈ , ਉਨ੍ਹਾਂ ਸਵਾਲ ਉਠਾਇਆ ਕਿ ਐਸੇ ਬਾਰਦਾਨੇ ਵਿੱਚ ਕਣਕ ਦੀ ਭਰਾਈ ਕਿਵੇਂ ਸੰਭਵ ਹੈ ਅਤੇ ਇਸ ਤਰ੍ਹਾਂ ਕਣਕ ਦੀ ਸੁਰੱਖਿਅਤ ਸਟੋਰੇਜ ਕਿਵੇਂ ਕੀਤੀ ਜਾ ਸਕਦੀ ਹੈ
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮੌਸਮ ਖਰਾਬ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੰਡੀਆਂ ਵਿੱਚ ਖਰੀਦ ਦੇ ਢੰਗ ਦੇ ਪ੍ਰਬੰਧ ਵੀ ਨਹੀਂ ਹਨ। ਇਸ ਦੇ ਨਾਲ ਹੀ ਖਰਾਬ ਬਾਰਦਾਨੇ ਕਾਰਨ ਕਣਕ ਦੇ ਨੁਕਸਾਨ ਅਤੇ ਚੋਰੀ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ, ਜੋ ਆੜ੍ਹਤੀ ਤੇ ਕਿਸਾਨਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ , ਸ:ਨਾਗਰਾ ਨੇ ਕਿਹਾ ਕਿ ਖਰਾਬ ਅਤੇ ਪਾਟਿਆ ਹੋਇਆ ਬਾਰਦਾਨਾ ਸਿਰਫ਼ ਕਿਸਾਨਾਂ ਨਾਲ ਮਜ਼ਾਕ ਨਹੀਂ, ਸਗੋਂ ਉਨ੍ਹਾਂ ਦੀ ਮਿਹਨਤ ਦੀ ਬੇਇੱਜ਼ਤੀ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ‘ਤੇ ਬਾਰਦਾਨਾ ਇੰਨਾ ਜ਼ਿਆਦਾ ਖਰਾਬ ਹੈ ਕਿ ਉਸ ਵਿੱਚ ਕਣਕ ਭਰਨਾ ਵੀ ਮੁਸ਼ਕਲ ਹੋ ਰਿਹਾ ਹੈ
ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸਰਕਾਰ ਕਰੋੜਾਂ ਰੁਪਏ ਬਾਰਦਾਨਾ ਖਰੀਦਣ ‘ਤੇ ਖਰਚ ਕਰ ਰਹੀ ਹੈ ਤਾਂ ਫਿਰ ਇੰਨਾ ਘਟੀਆ ਸਮਾਨ ਮੰਡੀਆਂ ਤੱਕ ਕਿਵੇਂ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਧਾ-ਸਿੱਧਾ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ , ਸ:ਨਾਗਰਾ ਨੇ ਕਿਹਾ ਕਿ ਇਹ ਸਿਰਫ਼ ਲਾਪਰਵਾਹੀ ਨਹੀਂ, ਸਗੋਂ ਇੱਕ ਵੱਡੇ ਸਕੈਂਡਲ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜਿੰਨ੍ਹਾਂ ਨੇ ਵੀ ਖਰਾਬ ਬਾਰਦਾਨਾ ਖਰੀਦ ਕੇ ਮੰਡੀਆਂ ਵਿੱਚ ਭੇਜਿਆ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ
ਉਨ੍ਹਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਰੰਤ ਖਰਾਬ ਬਾਰਦਾਨਾ ਵਾਪਸ ਲਿਆ ਜਾਵੇ ਅਤੇ ਮਿਆਰੀ ਨਵਾਂ ਬਾਰਦਾਨਾ ਮੰਡੀਆਂ ਵਿੱਚ ਮੁਹੱਈਆ ਕਰਵਾਇਆ ਜਾਵੇ। ਨਾਲ ਹੀ ਖਰੀਦ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਅਤੇ ਮੰਡੀਆਂ ਵਿੱਚ ਪੂਰੇ ਪ੍ਰਬੰਧ ਯਕੀਨੀ ਬਣਾਏ ਜਾਣ , ਸ:ਨਾਗਰਾ ਨੇ ਕਿਹਾ ਕਿ ਕਿਸਾਨਾਂ ਦੀ ਮਿਹਨਤ ਨਾਲ ਉਗਾਈ ਫਸਲ ਦੀ ਸੰਭਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਜਲਦੀ ਹੱਲ ਨਾ ਕੀਤਾ ਗਿਆ ਤਾਂ ਇਸ ਮਸਲੇ ਨੂੰ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ , ਇਸ ਮੌਕੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਕਿਸਾਨ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨੰਬਰਦਾਰ,ਆੜ੍ਹਤੀ ਕਰਨਵੀਰ ਸਿੰਘ,ਆੜ੍ਹਤੀ ਵਿਜੇਵੀਰ ਸਿੰਘ,ਆੜ੍ਹਤੀ ਰਾਜ ਕੁਮਾਰ, ਗੁਰਸੇਵਕ ਸਿੰਘ ਸੋਨੀ, ਗੁਰਵੀਰ ਸਿੰਘ ਰੁੜਕੀ, ਸੰਜੂ ਰੁੜਕੀ ਆਦਿ ਹਾਜ਼ਰ ਸਨ
Click to Follow Babushahi Facebook page →