ਵਧਦੀ ਨਫ਼ਰਤ: ‘ਅਸੀਂ ਅਤੇ ਉਹ’ ਵਾਲੀ ਸੋਚ (Us vs. Them)- ਪਾਪਾਟੋਏਟੋਏ ਵਿੱਚ ਨਫ਼ਰਤ ਭਰੀ ਗ੍ਰੈਫਿਟੀ ਉਤੇ ਭਾਰਤੀ ਭਾਈਚਾਰੇ ਨੂੰ ਸਖ਼ਤ ਇਤਰਾਜ਼-ਪੁਲਿਸ ਸਤਰਕ
-ਪਾਪਾਕੁਰਾ ਵਿੱਚ ਸਿੱਖ ਮਹਿਲਾ ਦੀ ਪਹਿਨੀ ਕਿਰਪਾਨ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਟਿਪਣੀ
ਆਕਲੈਂਡ, 13 ਅਪ੍ਰੈਲ 2026 –ਨਫ਼ਰਤ ਇੱਕ ਅਜਿਹਾ ਅਹਿਸਾਸ ਹੈ ਜੋ ਅੱਜ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਪ੍ਰਤੀਤ ਹੁੰਦਾ ਹੈ। ਇਸ ਦੇ ਪਿੱਛੇ ਕਈ ਮਨੋਵਿਗਿਆਨਕ, ਸਮਾਜਿਕ ਅਤੇ ਆਧੁਨਿਕ ਕਾਰਨ ਹਨ।
ਦੋ ਘਟਨਾਵਾਂ ਨੇ ਭਾਰਤੀ ਅਤੇ ਸਿੱਖ ਭਾਈਚਾਰੇ ਵਿੱਚ ਡਰ ਅਤੇ ਚਰਚਾ ਦਾ ਮਾਹੌਲ ਪੈਦਾ
ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਹਾਲ ਹੀ ਵਿੱਚ ਵਾਪਰੀਆਂ ਦੋ ਘਟਨਾਵਾਂ ਨੇ ਭਾਰਤੀ ਅਤੇ ਸਿੱਖ ਭਾਈਚਾਰੇ ਵਿੱਚ ਡਰ ਅਤੇ ਚਰਚਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਹਿਲੀ ਘਟਨਾ ਪਾਪਾਟੋਏਟੋਏ ਵਿੱਚ ਭਾਰਤੀਆਂ ਵਿਰੁੱਧ ਲਿਖੀ ਗਈ ਨਫ਼ਰਤ ਭਰੀ ਗ੍ਰੈਫਿਟੀ ਦੀ ਹੈ ਅਤੇ ਦੂਜੀ ਪਾਪਾਕੁਰਾ ਵਿੱਚ ਇੱਕ ਸਿੱਖ ਮਹਿਲਾ ਵੱਲੋਂ ਕਿਰਪਾਨ ਪਹਿਨਣ ਦੀ ਤਸਵੀਰ ਵਾਇਰਲ ਹੋਣ ਦੀ ਹੈ।
ਪਾਪਾਟੋਏਟੋਏ ਵਿੱਚ ਨਫ਼ਰਤ ਭਰੀ ਗ੍ਰੈਫਿਟੀ
ਪਾਪਾਟੋਏਟੋਏ ਸੈਂਟਰਲ ਸਕੂਲ ਦੇ ਬਾਹਰ ਫੁੱਟਪਾਥ ’ਤੇ ਭਾਰਤੀ ਭਾਈਚਾਰੇ ਵਿਰੁੱਧ ਬਹੁਤ ਹੀ ਇਤਰਾਜ਼ਯੋਗ ਅਤੇ ਹਿੰਸਕ ਸ਼ਬਦ ਲਿਖੇ ਗਏ ਸਨ। ਇਸ ਗ੍ਰੈਫਿਟੀ ਵਿੱਚ ‘ਕਿੱਲ ਆਲ ਇੰਡੀਅਨਜ਼’ (ਸਾਰੇ ਭਾਰਤੀਆਂ ਨੂੰ ਮਾਰ ਦਿਓ) ਵਰਗੇ ਸ਼ਬਦ ਵਰਤੇ ਗਏ ਸਨ।
ਪੁਲਿਸ ਦੀ ਕਾਰਵਾਈ: ਪੁਲਿਸ ਇਸ ਘਟਨਾ ਨੂੰ ਨਫ਼ਰਤ ਨਾਲ ਪ੍ਰੇਰਿਤ ਅਪਰਾਧ (8ate-motivated crime) ਵਜੋਂ ਦੇਖ ਰਹੀ ਹੈ। ਇੰਸਪੈਕਟਰ ਡੇਵ ਕ੍ਰਿਸਟੋਫਰਸਨ ਨੇ ਕਿਹਾ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਪਿੱਛੇ ਕਿਸ ਦਾ ਹੱਥ ਹੈ।
ਸਕੂਲ ਦੀ ਪ੍ਰਤੀਕਿਰਿਆ: ਸਕੂਲ ਦੇ ਪ੍ਰਿੰਸੀਪਲ ਰਾਜ ਦੁੱਲਭ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਭਾਈਚਾਰੇ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।
‘ਅਸੀਂ ਅਤੇ ਉਹ’ ਵਾਲੀ ਸੋਚ (Us vs. Them)
ਮਨੁੱਖੀ ਸੁਭਾਅ ਵਿੱਚ ਆਪਣੇ ਗਰੁੱਪ (ਧਰਮ, ਜਾਤ ਜਾਂ ਦੇਸ਼) ਪ੍ਰਤੀ ਪਿਆਰ ਅਤੇ ਦੂਜਿਆਂ ਪ੍ਰਤੀ ਸ਼ੱਕ ਦੀ ਭਾਵਨਾ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪਛਾਣ ਜਾਂ ਸੱਭਿਆਚਾਰ ਨੂੰ ਕਿਸੇ ‘ਬਾਹਰੀ’ ਤੋਂ ਖ਼ਤਰਾ ਹੈ, ਤਾਂ ਉਹ ਡਰ ਨਫ਼ਰਤ ਵਿੱਚ ਬਦਲ ਜਾਂਦਾ ਹੈ। ਨਫ਼ਰਤ ਅਕਸਰ ਡਰ ਵਿੱਚੋਂ ਪੈਦਾ ਹੁੰਦੀ ਹੈ। ਜਦੋਂ ਆਰਥਿਕ ਮੰਦਹਾਲੀ ਹੁੰਦੀ ਹੈ ਜਾਂ ਨੌਕਰੀਆਂ ਦੀ ਕਮੀ ਹੁੰਦੀ ਹੈ, ਤਾਂ ਲੋਕ ਆਪਣੀਆਂ ਮੁਸ਼ਕਲਾਂ ਲਈ ਕਿਸੇ ਦੂਜੇ ਸਮੂਹ ਨੂੰ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੇ ਹਨ। ਇਹ ਅਸੁਰੱਖਿਆ ਦੀ ਭਾਵਨਾ ਲੋਕਾਂ ਨੂੰ ਇੱਕ-ਦੂਜੇ ਦੇ ਖਿਲਾਫ ਖੜ੍ਹਾ ਕਰ ਦਿੰਦੀ ਹੈ।
ਪਾਪਾਕੁਰਾ ਵਿੱਚ ਸਿੱਖ ਮਹਿਲਾ ਅਤੇ ਕਿਰਪਾਨ ਦੀ ਚਰਚਾ
ਇੱਕ ਹੋਰ ਮਾਮਲਾ ਪਾਪਾਕੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਿੱਖ ਮਹਿਲਾ ਜਨਤਕ ਥਾਂ ’ਤੇ ਆਪਣੀ ਕਿਰਪਾਨ ਪਹਿਨੀ ਹੋਈ ਸੀ। ਇਸ ਮਾਮਲੇ ਨੇ ਉਦੋਂ ਤੂਲ ਫੜਿਆ ਜਦੋਂ ਇਸ ਸਬੰਧੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ। ਕਿਸੀ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਵਾਲ ਚੁੱਕੇ ਕਿ ਜਨਤਕ ਥਾਵਾਂ ’ਤੇ ਅਜਿਹੇ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਕਿਉਂ ਹੈ। ਉਨ੍ਹਾਂ ਦੀ ਇਸ ਪੋਸਟ ’ਤੇ ਕਾਫੀ ਬਹਿਸ ਹੋ ਰਹੀ ਹੈ। ਨਫ਼ਰਤ ਭਰੇ ਕੁਮੈਂਟ ਵੀ ਹਨ ਅਤੇ ਸਿੱਖ ਭਾਈਚਾਰੇ ਆਪਣੇ ਧਾਰਮਿਕ ਹੱਕਾਂ ਦੀ ਵਰਤੋਂ ਦਾ ਜ਼ਿਕਰ ਕਰ ਰਿਹਾ ਹੈ।
Click to Follow Babushahi Facebook page →