USA News: ਪੰਜਾਬੀ ਸਾਹਿਤ ਸਭਾ ਬੈਲਿੰਗਹੈਮ ਵੱਲੋਂ ਜੰਗੇ-ਆਜ਼ਾਦੀ ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ
ਹਰਦਮ ਮਾਨ
ਬੈਲਿੰਗਹੈਮ, 1 ਅਪ੍ਰੈਲ 2026 - ਪੰਜਾਬੀ ਸਾਹਿਤ, ਸੰਗੀਤ ਤੇ ਕਲਾ ਮੰਚ ਬੈਲਿੰਗਹੈਮ (ਸਿਆਟਲ) ਰਜਿ: ਵੱਲੋਂ ਜੰਗੇ-ਆਜ਼ਾਦੀ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ ਹੋਟਲ ਹੈਮਪਟਨ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਸਾਹਿਤ ਪ੍ਰੇਮੀ, ਕਲਾਕਾਰ, ਲੇਖਕ ਅਤੇ ਕਮਿਊਨਿਟੀ ਮੈਂਬਰ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਮਰਹੂਮ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਗਾਈ ਗੁਰੂ ਨਾਨਕ ਸਾਹਿਬ ਦੀ ਆਰਤੀ ਰੂਪੀ ਗੁਰਬਾਣੀ ਨਾਲ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਦੌਰਾਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪੰਜਾਬੀ ਲੇਖਕ ਮੰਗਾ ਸਿੰਘ ‘ਬਾਸੀ’ ਨੂੰ ਵੀ ਮੋਨ ਧਾਰ ਕੇ ਸ਼ਰਧਾ ਅਰਪਿਤ ਕੀਤੀ ਗਈ।
ਸਮਾਗਮ ਦੇ ਮੁੱਖ ਬੁਲਾਰੇ, ਵਾਟਕਾਮ ਕਮਿਊਨਿਟੀ ਕਾਲਜ ਦੇ ਰਿਟਾਇਰਡ ਪ੍ਰਿੰਸੀਪਲ ਮਿਸਟਰ ਜੌਹਨ ਬੇਕਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੰਗੇ-ਆਜ਼ਾਦੀ ਦੇ ਸ਼ਹੀਦ ਕੇਵਲ ਕਿਸੇ ਇੱਕ ਖ਼ਾਸ ਕੌਮ ਜਾਂ ਦੇਸ਼ ਦੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੁੰਦੇ ਹਨ। ਉਨ੍ਹਾਂ ਨੇ ਬਹੁਤ ਹੀ ਗੰਭੀਰਤਾ ਨਾਲ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਹੀਦਾਂ ਦਾ ਸੰਘਰਸ਼ ਸਿਰਫ਼ ਸੱਤਾ ਦੀ ਤਬਦੀਲੀ ਲਈ ਨਹੀਂ ਸੀ, ਸਗੋਂ ਉਹ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ ਜਿੱਥੇ ਬਰਾਬਰੀ, ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਦਾ ਬੋਲਬਾਲਾ ਹੋਵੇ। ਮਿਸਟਰ ਬੇਕਰ ਨੇ ਅੱਗੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਦੁਨੀਆ ਨੂੰ ਇਹ ਸਿਖਾਇਆ ਕਿ ਜ਼ੁਲਮ ਵਿਰੁੱਧ ਆਵਾਜ਼ ਉਠਾਉਣਾ ਅਤੇ ਸੱਚ ਦੇ ਮਾਰਗ 'ਤੇ ਚੱਲਣਾ ਹੀ ਸਭ ਤੋਂ ਉੱਤਮ ਮਨੁੱਖੀ ਗੁਣ ਹੈ। ਅੱਜ ਦੇ ਦੌਰ ਵਿੱਚ, ਜਦੋਂ ਵਿਸ਼ਵ ਕਈ ਤਰ੍ਹਾਂ ਦੀਆਂ ਵੰਡੀਆਂ ਦਾ ਸਾਹਮਣਾ ਕਰ ਰਿਹਾ ਹੈ, ਸ਼ਹੀਦਾਂ ਦੀ ਸੋਚ ਸਾਡੇ ਲਈ ਇੱਕ ਅਜਿਹੇ ਮਾਰਗ-ਦਰਸ਼ਕ ਵਜੋਂ ਕੰਮ ਕਰਦੀ ਹੈ ਜੋ ਸਾਨੂੰ ਨਿਰਪੱਖਤਾ ਅਤੇ ਭਾਈਚਾਰੇ ਨਾਲ ਮਿਲਜੁਲ ਕੇ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਮੰਚ ਵੱਲੋਂ ਮਿਸਟਰ ਜੌਹਨ ਬੇਕਰ ਦਾ ਨਕਦ ਰਾਸ਼ੀ, ਸ਼ਾਲ ਅਤੇ ਸਰਟੀਫਿਕੇਟ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਗਮ ਦੌਰਾਨ ਕਰਨੈਲ ਸਿੰਘ ਕੈਲ, ਅਵਤਾਰ ਸਿੰਘ ਆਦਮਪੁਰੀ, ਗੁਰਪ੍ਰੀਤ ਸੋਹਲ, ਅਮਰਜੀਤ ਸਿੰਘ ਤਰਸਿੱਕਾ, ਭੁਪਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਜੌਹਲ, ਜਸਵੰਤ ਸਿੰਘ ਧਾਲੀਵਾਲ, ਸੁਖਵਿੰਦਰ ਕੌਰ, ਕਮਲ ਭੱਚੂ, ਮੱਖਣ ਸਿੰਘ ਜੌਹਲ, ਡਾ. ਕੌਸ਼ਲ ਸੈਣੀ, ਭਿੰਦਾ ਗਿੱਲ ਚੂਹੜਚੱਕ, ਕਮਲਦੀਪ ਸਹੋਤਾ, ਸੁਖਪਾਲ ਔਜਲਾ, ਜਸਕਰਨ ਕੌਰ ਬਰਾੜ, ਰਮਿੰਦਰਜੀਤ ਧਾਮੀ ਅਤੇ ਮਚਲਾ ਜੱਟ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਧਰਮਾਂ ਅਨੁਸਾਰ ਨਹੀਂ ਵੰਡਣਾ ਚਾਹੀਦਾ। ਬੁਲਾਰਿਆਂ ਨੇ ਚਿੰਤਾ ਪ੍ਰਗਟਾਈ ਕਿ ਹਾਲੇ ਤੱਕ ਸ਼ਹੀਦਾਂ ਦੇ ਸੁਪਨਿਆਂ ਵਾਲੀ ਅਸਲੀ ਆਜ਼ਾਦੀ ਪ੍ਰਾਪਤ ਨਹੀਂ ਹੋ ਸਕੀ। ਇਸ ਮੌਕੇ ਵੱਖ-ਵੱਖ ਵਿਚਾਰਧਾਰਾਵਾਂ 'ਤੇ ਚਰਚਾ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਹਰ ਪੱਖੋਂ ਤਰੱਕੀ ਕਰ ਸਕਦਾ ਹੈ।
ਸਮਾਰੋਹ ਵਿੱਚ ਪੰਜਾਬੀ ਲਿਖਾਰੀ ਸਭਾ ਸਿਆਟਲ ਅਤੇ ਬੈਲਿੰਗਹੈਮ ਦੇ ਨੁਮਾਇੰਦਿਆਂ ਮੰਗਲ ਸਿੰਘ ਸਮਰਾ, ਕੁਲਜਿੰਦਰ ਸਿੰਘ ਦੁਸਾਂਝ, ਗੁਰਦਿਆਲ ਸਿੰਘ ਮੱਟੂ, ਤਰਨਜੋਤ (ਟੀ ਜੇ) ਬਰਾੜ ਅਤੇ ਮਨਜੀਤ ਸਿੰਘ ਔਲਖ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਹਾਜ਼ਰੀ ਲਵਾਉਣ ਵਾਲੇ ਪਤਵੰਤੇ ਸੱਜਣਾਂ ਵਿੱਚ ਪਵਿੱਤਰ ਸਿੰਘ ਬਦੇਸ਼ਾ, ਗੁਰਮੀਤ ਸਿੰਘ ਬਾਜਵਾ, ਚੂਹੜ ਸਿੰਘ ਬਾਸੀ, ਮਲਕੀਤ ਸਿੰਘ ਬੈਂਸ, ਪ੍ਰਗਟ ਸਿੰਘ ਢਿੱਲੋਂ, ਕਾਮਰੇਡ ਅਜੈਬ ਸਿੰਘ, ਗੁਰਇਕਬਾਲ ਸਿੰਘ ਕੂਨਰ, ਹਰਜਿੰਦਰ ਸਿੰਘ ਪਟਿਆਲਾ, ਜਗਦੀਪ ਧਾਮੀ, ਹਰਪ੍ਰੀਤ (ਹੈਰੀ) ਬਾਗੜੀ, ਮੱਖਣ ਸਿੰਘ ਧਾਮੀ, ਬਲਦੇਵ ਸਿੰਘ ਭੈਣੀ, ਹਰਜੀਤ ਕੌਰ ਧਾਲੀਵਾਲ, ਬਲਜੀਤ ਕੌਰ, ਜਸਪਾਲ ਕੌਰ ਸਿੱਧੂ, ਬੀਬੀ ਪਰਮਿੰਦਰ ਕੌਰ ਸਿੱਧੂ, ਪੁਨੀਤ ਭੁੱਲਰ, ਅਰਵਿੰਦ ਭੁੱਲਰ, ਬਲਵਿੰਦਰ ਕੌਰ ਰੰਧਾਵਾ, ਜਸਵੀਰ ਕੌਰ ਰੰਧਾਵਾ, ਹਰਦਲਜੀਤ ਗਰੇਵਾਲ, ਸੁਖਵੀਰ ਕੌਰ ਗਰੇਵਾਲ, ਰਮਨਦੀਪ ਚਾਹਲ, ਸੁਖਪ੍ਰੀਤ ਭੁੱਲਰ, ਬਿੱਲੂ ਸ਼ਾਮਚੁਰਾਸੀ, ਚਰਨਜੀਤ ਚੰਨੀ ਮੱਟੂ, ਏਕਮ ਧਾਲੀਵਾਲ, ਬਿਕਰਮ ਸਿੰਘ ਚੀਮਾ, ਸਰਵਜੀਤ ਸਿੰਘ, ਸੈਮ ਰੰਧਾਵਾ ਅਤੇ ਕੁਲਦੀਪ ਸਿੰਘ ਸ਼ਾਮਿਲ ਸਨ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਡਾ. ਸੁਖਵੀਰ ਸਿੰਘ ਬੀਹਲਾ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ, ਜਿਨ੍ਹਾਂ ਨੇ ਹਰ ਬੁਲਾਰੇ ਦੀ ਜਾਣ-ਪਛਾਣ ਕਰਵਾਉਣ ਦੇ ਨਾਲ-ਨਾਲ ਹਾਜ਼ਰ ਮੈਂਬਰਾਂ ਦਾ ਧੰਨਵਾਦ ਵੀ ਕੀਤਾ।
Click to Follow Babushahi Facebook page →