ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਮਾਪਿਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਭਗਤਾ ਭਾਈ, 12 ਮਾਰਚ 2026 : ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ਇਲਾਕੇ ਦੀ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਦੇ ਭਵਿੱਖ ਨੂੰ ਤਰਾਸ਼ਣ ਲਈ ਬੇਹੱਦ ਯਤਨਸ਼ੀਲ ਰਹਿੰਦੀ ਹੈ। ਇਸ ਸੰਸਥਾ ਵਿੱਚ ਸਮੇਂ-ਸਮੇਂ ਤੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜੋ ਉਨ੍ਹਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।ਇਸੇ ਕਾਰਜ ਲੜੀ ਨੂੰ ਅੱਗੇ ਤੋਰਦੇ ਹੋਏ ਇਸ ਸੰਸਥਾ ਵਿੱਚ ਪ੍ਰੀ-ਨਰਸਰੀ ਤੇ ਨਰਸਰੀ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਇੱਕ “ਓਰੀਐਂਟੇਸ਼ਨ ਪ੍ਰੋਗਰਾਮ” ਕਰਵਾਇਆ ਗਿਆ ਤਾਂ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਕੂਲ ਵਿੱਚ ਵਿਚਰਨ ਸਮੇਂ ਆਉਣ ਵਾਲੀਆਂ ਦਿੱਕਤਾਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।ਇਸ ਪ੍ਰੋਗਰਾਮ ਦੇ ਮੁੱਖ ਸਰੋਤ ਸ੍ਰੀਮਤੀ ਜੁਆਨਾ ਫਰਨਾਂਡੇਜ਼ (ਸਿੱਖਿਅਕ ਅਤੇ ਟੀਚਰ ਟਰੇਨਿੰਗ ਐਕਸਪਰਟ, ਚੰਡੀਗੜ੍ਹ) ਸਨ।
ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਦੱਸਿਆ ਕਿ ਅੱਜ ਦੇ ਮਾਪਿਆਂ ਉੱਤੇ ਹਰ ਚੀਜ਼ ਨੂੰ ਸਹੀ ਢੰਗ ਨਾਲ ਕਰਨ ਅਤੇ ਕਰਵਾਉਣ ਦਾ ਦਬਾਅ ਬਣਿਆ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਔਖਾ ਲੱਗਦਾ ਹੈ।ਆਪਣੇ 17 ਸਾਲਾਂ ਦੇ ਤਜ਼ਰਬੇ ਨੂੰ ਮਾਪਿਆਂ ਨਾਲ ਸਾਂਝੇ ਕਰਦੇ ਹੋਏ ਸ੍ਰੀਮਤੀ ਫਰਨਾਂਡੇਜ਼ ਨੇ ਕਿਹਾ ਕਿ ਛੋਟੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਮਾਹੌਲ ਨੂੰ ਸੁਖਾਵਾਂ ਬਣਾਉਣਾ ਜ਼ਰੂਰੀ ਹੈ।ਉਨ੍ਹਾਂ ਨੇ ਇਸ ਨਾਲ ਸੰਬਧਿਤ ਨੁਕਤੇ ਵੀ ਮਾਪਿਆਂ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚੇ ਦੇ ਬਚਪਨ ਅਤੇ ਸਿੱਖਿਅਕ ਪਹਿਲੂ, ਸ਼ਿਸਟਾਚਾਰ ਅਤੇ ਕਦਰਾਂ-ਕੀਮਤਾਂ ਦੀ ਸਿੱਖਣਾ, ਬੱਚੇ ਦੀ ਜਿੰਦਗੀ ਵਿੱਚ ਸਕੂਲ ਅਤੇ ਅਧਿਆਪਕਾਂ ਦੇ ਰੋਲ ਬਾਰੇ ਵਿਸਥਾਰ ਨਾਲ ਸਮਝਾਇਆ।ਉਨ੍ਹਾਂ ਨੇ ਮਾਪਿਆਂ ਨੂੰ ਕੁਝ ਜ਼ਰੂਰੀ ਟਿਪਸ ਰਾਹੀਂ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖਣ ਦੇ ਬਾਰੇ ਜਾਣੂ ਕਰਵਾਇਆ।
ਇਸ ਸਮੇਂ ਪ੍ਰੀ-ਨਰਸਰੀ ਦੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।ਜਿਸ ਵਿੱਚ ਪੌਸ਼ਟਿਕ ਭੋਜਨ ਟਿਫਨ, ਸਾਫ਼-ਸੁਥਰੀ ਡਾਇਰੀ ਅਤੇ ਵੱਖ-ਵੱਖ ਗਤੀਵਿਧੀਆਂ ਸ਼ਾਮਿਲ ਸਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੋਟੇ ਵਿਦਿਆਰਥੀਆਂ ਦੇ ਪਾਲਣ-ਪੋਸ਼ਣ ਨੂੰ ਅਸਾਨ ਅਤੇ ਢਾਂਚਾਗਤ ਬਣਾਉਣ ਲਈ, ਬੱਚੇ ਦੇ ਸੰਪੂਰਨ ਵਿਕਾਸ ਲਈ, ਤੁਹਾਨੂੰ ਸਾਡਾ ਅਤੇ ਸਾਨੂੰ ਤੁਹਾਡਾ ਸਹਿਯੋਗੀ ਬਣਨਾ ਹੀ ਪਵੇਗਾ।ਉਨ੍ਹਾਂ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਬੇਹੱਦ ਸਹਾਇਕ ਸਿੱਧ ਹੋਵੇਗਾ।ਪੋ੍ਰਗਰਾਮ ਦੇ ਅੰਤ ਵਿੱਚ ਕੋਆਰਡੀਨੇਟਰ ਅਮਨ ਸੰਧਰ ਨੇ ਸ੍ਰੀਮਤੀ ਫਰਨਾਂਡੇਜ਼ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ।ਇਸ ਸਮੇਂ ਮੁੱਖ ਸਰੋਤ ਸ੍ਰੀਮਤੀ ਜੁਆਨਾ ਫਰਨਾਂਡੇਜ਼ ਨੂੰ ਅਵਾਰਡ ਆਫ ਆੱਨਰ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) , ਕੋਆਰਡੀਨੇਟਰਜ਼ ਅਤੇ ਅਧਿਆਪਕ ਸਾਹਿਬਾਨ ਵੀ ਮੌਜ਼ੂਦ ਸਨ।
Click to Follow Babushahi Facebook page →