ਬਠਿੰਡਾ ਪੁਲਿਸ ਦੇ ਸਹਿਯੋਗ ਨਾਲ ਸਿਵਲ ਪ੍ਰਸ਼ਾਸਨ ਨੇ ਧੋਬੀਆਣਾ ਬਸਤੀ ਵਿੱਚ ਗੈਰ ਕਾਨੂੰਨੀ ਇਮਾਰਤ ਢਾਹੀ
ਅਸ਼ੋਕ ਵਰਮਾ
ਬਠਿੰਡਾ, 12 ਮਾਰਚ 2026 :ਸਬ-ਡਵੀਜਨ ਸਿਟੀ-2 ਬਠਿੰਡਾ ਦੇ ਥਾਣਾ ਸਿਵਲ ਲਾਈਨ ਬਠਿੰਡਾ ਦੇ ਏਰੀਏ ਅਧੀਨ ਜਿਸ਼ਨ ਅਲੀ ਉਰਫ ਕੈਪਸੂਲ ਪੁੱਤਰ ਮੁਹੰਮਦ ਸ਼ਾਹ ਵਾਸੀ ਗਲੀ ਨੰਬਰ 16/1 ਧੋਬੀਆਣਾ ਬਸਤੀ ਬਠਿੰਡਾ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਇਮਾਰਤ ਬਣਾਈ ਗਈ ਸੀ।ਇਸ ਸਬੰਧੀ ਸਮਰੱਥ ਅਥਾਰਟੀ ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਵੱਲੋਂ ਢਾਉਣ ਮੌਕੇ ਪੁਲਿਸ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ।
ਇਸ ਮੌਕੇ ਸਿਵਲ ਪ੍ਰਸ਼ਾਸ਼ਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਮਾਰਤ ਜਿਸ਼ਨ ਅਲੀ ਉਰਫ ਕੈਪਸੂਲ ਪੁੱਤਰ ਮੁਹੰਮਦ ਸ਼ਾਹ ਵਾਸੀ ਗਲੀ ਨੰਬਰ 16/1 ਧੋਬੀਆਣਾ ਬਸਤੀ ਬਠਿੰਡਾ ਵੱਲੋਂ ਉਸਾਰੀ ਗਈ ਸੀ। ਇਹਨਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬੁਲਡੋਜਰ ਕਾਰਵਾਈ ਕੀਤੀ ਗਈ ਹੈ।
ਇਸ ਮੌਕੇ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ "ਯੁੱਧ ਨਸ਼ਿਆਂ ਵਿਰੁੱਧ" ਦੇ ਤਹਿਤ ਜਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਤੇ ਨਸ਼ੇ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਇੱਕ ਮੁੱਕਦਮਾ ਦਰਜ ਹੈ।ਸਿਵਲ ਪ੍ਰਸ਼ਾਸ਼ਨ ਵੱਲੋਂ ਬਠਿੰਡਾ ਪੁਲਿਸ ਦੇ ਸਹਿਯੋਗ ਨਾਲ ਹੁਣ ਤੱਕ 14 ਗੈਰ ਕਾਨੂੰਨੀ ਢੰਗ ਨਾਲ ਬਣਾਈਆਂ ਇਮਾਰਤਾਂ ਨੂੰ ਢਾਹਿਆ ਗਿਆ।
ਇਸਦੇ ਨਾਲ ਹੀ ਉਹਨਾਂ ਕਿਹਾ ਕਿ ਬਠਿੰਡਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਮਿਤੀ 01.03.2025 ਤੋਂ 2116 ਮੁਕੱਦਮੇ ਦਰਜ ਕਰਕੇ 3087 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਹਨਾਂ ਵਿੱਚ 84 ਵੱਡੀਆਂ ਮੱਛੀਆਂ ਵੀ ਸ਼ਾਮਿਲ ਹਨ।ਇਸਦੇ ਨਾਲ ਹੀ ਸਾਲ 2023 ਤੋਂ ਹੁਣ ਤੱਕ ਕੁੱਲ 85 ਦੋਸ਼ੀਆਂ ਦੀ 14 ਕਰੋੜ ਦੇ ਕਰੀਬ ਦੀ ਜਾਇਦਾਦ ਫਰੀਜ ਕਰਵਾਈ ਗਈ ਹੈ।ਬਠਿੰਡਾ ਪੁਲਿਸ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਦੇ ਕੋਹੜ ਨੂੰ ਜੜੋ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਦਿਓ, ਆਪ ਦੇ ਏਰੀਏ ਵਿੱਚ ਜਾਂ ਆਸ-ਪਾਸ ਕੋਈ ਨਸ਼ੇ ਦਾ ਗੈਰ ਕਾਨੂੰਨੀ ਤੌਰ ਤੇ ਧੰਦਾ ਕਰਦਾ ਹੈ ਤਾਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਜਾਂ ਬਠਿੰਡਾ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 91155-02252 ਤੇ ਜਾਂਣਕਾਰੀ ਸਾਂਝੀ ਕਰ ਸਕਦੇ ਹੋ।ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
Click to Follow Babushahi Facebook page →