Babushahi Special ਮੱਧ ਪੂਰਬ ’ਚ ਜੰਗ ਕਰਕੇ ਬਣੀ ਸਿਲੰਡਰਾਂ ਦੀ ਕਿੱਲਤ ਕਾਰਨ ਚਿੰਤਾ ’ਚ ਬਦਲੇ ਵਿਆਹਾਂ ਦੇ ਚਾਅ
ਅਸ਼ੋਕ ਵਰਮਾ
ਬਠਿੰਡਾ , 12 ਮਾਰਚ 2026 : ਮੱਧ ਪੂਰਬ ਵਿੱਚ ਚੱਲ ਰਹੀ ਇਰਾਨ ਅਤੇ ਅਮਰੀਕਾ ਇਜ਼ਰਾਇਲਾ ਵਿਚਕਾਰ ਜੰਗ ਕਾਰਨ ਰਸੋਈ ਗੈਸ ਦੀ ਸਪਲਾਈ ਵਿੱਚ ਪਏ ਵਿਘਨ ਕਾਰਨ ਪੰਜਾਬ ’ਚ ਲੋਕਾਂ ਨੂੰ ਵਿਆਹ ਸਮਾਗਮ ਰੱਦ ਕਰਨੇ ਪੈ ਰਹੇ ਹਨ। ਕਈ ਥਾਵਾਂ ’ਤੇ ਸਥਿਤੀ ਇਹ ਹੈ ਕਿ ਲੜਕੀ ਦੀ ਬਰਾਤ ਆਉਣ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ ਪਰ ਸਿਲੰਡਰਾਂ ਦੀ ਕਿੱਲਤ ਕਾਰਨ ਸਮਾਨ ਤਿਆਰ ਕਰਨ ਦਾ ਸੰਕਟ ਹੈ। ਕਈ ਥਾਵਾਂ ’ਤੇ ਘਰੇਲੂ ਗੈਸ ਤਾਂ ਮਿਲ ਰਹੀ ਹੈ ਪਰ ਵਪਾਰਿਕ ਸਿਲੰਡਰਾਂ ਦਾ ਤੋਟ ਹੈ ਜੋ ਪੁਆੜੇ ਦੀ ਜੜ ਹੈ। ਹਾਲਾਂਕਿ ਸੰਕਟ ਦੀ ਆਹਟ ਤਾਂ ਜੰਗ ਸ਼ੁਰੂ ਹੋਣ ਸਾਰ ਹੀ ਸੁਣਾਈ ਦੇਣ ਲੱਗੀ ਸੀ ਪਰ ਕਾਫੀ ਹੱਦ ਤੱਕ ਸਥਿਤੀ ਠੀਕ ਰਹਿਣ ਕਰਕੇ ਲੋਕਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਸੀ। ਤਾਜਾ ਸਥਿਤੀ ਇਹ ਹੈ ਕਿ ਲੋਕਾਂ ਨੂੰ ਰਸੋਈ ਗੈਸ ਲਈ ਜੱਦੋਜਹਿਦ ਕਰਨੀ ਪੈ ਰਹੀ ਹੈ।
ਜਾਣਕਾਰੀ ਅਨੁਸਾਰ ਭਾਰਤ ਆਪਣੀ ਲੋੜ ਦੀ ਲਗਪਗ 85 ਤੋਂ 90 ਫੀਸਦੀ ਐਲਪੀਜੀ ਸਪਲਾਈ ‘ਸਟੇਟ ਆਫ ਹੌਰਮਜ਼’ ਦੇ ਰਸਤੇ ਮੰਗਵਾਉਂਦਾ ਹੈ । ਜੰਗ ਕਾਰਨ ਇਸ ਸਮੁੰਦਰੀ ਰਸਤੇ ਵਿੱਚ ਵਿਘਨ ਪੈਣ ਨਾਲ ਗੈਸ ਦੀ ਆਮਦ ਪ੍ਰਭਾਵਿਤ ਹੋਈ ਹੈ। ਪੰਜਾਬ ’ਚ ਇੰਨ੍ਹਾਂ ਦਿਨਾਂ ਦੌਰਾਨ 9 ਤੋਂ 10 ਹਜਾਰ ਵਿਆਹ ਹੁੰਦਾ ਹੈ ਜਿਨ੍ਹਾਂ ਚੋਂ ਜਿਆਦਾਤਰ ’ਤੇ ਰਸੋਈ ਗੈਸ ਦਾ ਪ੍ਰਛਾਵਾਂ ਦੇਖਣ ਨੂੰ ਮਿਲ ਰਿਹਾ ਹੈ। ਮਾਨਸਾ ਦੇ ਇਕਬਾਲ ਸਿੰਘ ਦੀ ਲੜਕੀ ਦਾ ਵਿਆਹ 5 ਅਪ੍ਰੈਲ ਨੂੰ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਖੁਸ਼ੀਆਂ ਦੇ ਮਹੌਲ ਦੌਰਾਨ ਜੰਗ ਦੇ ਤਣਾਅ ਨੇ ਨਵੇਂ ਫਿਕਰ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰਾਂ ਦੇ ਹਾਲਾਤ ਹਨ ਉਨ੍ਹਾਂ ਮੁਤਾਬਕ ਜੰਗ ਰੁਕਦੀ ਵੀ ਨਜ਼ਰ ਨਹੀਂ ਆ ਰਹੀ ਹੈ। ਇਹ ਇਕੱਲੇ ਇਕਬਾਲ ਸਿੰਘ ਦਾ ਦਰਦ ਨਹੀਂ ਪੰਜਾਬ ’ਚ ਵੱਡੀ ਗਿਣਤੀ ਪ੍ਰੀਵਾਰ ਜੰਗ ਦਾ ਸੇਕ ਝੱਲ ਰਹੇ ਹਨ।
ਇੱਕ ਕੈਟਰਿੰਗ ਕਾਰੋਬਾਰੀ ਨੇ ਦੱਸਿਆ ਕਿ ਵਿਆਹਾਂ ਦੌਰਾਨ ਖਾਣਾ ਬਣਾਉਣ ਲਈ ਵਪਾਰਿਕ ਗੈਸ ਸਿਲੰਡਰਾਂ ਦੀ ਸਪਲਾਈ ਸੋਮਵਾਰ ਰਾਤ ਤੋਂ ਬੰਦ ਕਰਨ ਕਾਰਨ ਹਾਲਾਤ ਕਾਫੀ ਚਿੰਤਾਜਨਕ ਬਣ ਗਏ ਹਨ । ਬਾਹੀਆ ਹੋਟਲ ਦੇ ਮਾਲਕ ਬਿਕਰਮਜੀਤ ਸਿੰਘ ਬਾਹੀਆ ਦਾ ਕਹਿਣਾ ਹੈ ਕਿ ਸਰਕਾਰੀ ਹਦਾਇਤਾਂ ਤੋਂ ਬਾਅਦ ਅਚਾਨਕ ਸਪਲਾਈ ਰੁਕਣ ਨਾਲ ਉਹ ਮੁਸ਼ਕਲ ਵਿੱਚ ਫਸ ਗਏ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਵਿਆਹ ਸਾਹਿਆਂ ਦੀ ਬੁਕਿੰਗ ਪਹਿਲਾਂ ਤੋਂ ਕੀਤੀ ਹੋਈ ਹੈ ਉਨ੍ਹਾਂ ਨੂੰ ਹਰ ਹਾਲਤ ’ਚ ਭੁਗਤਾਇਆ ਜਾਏਗਾ। ਉਨ੍ਹਾਂ ਕਿਹਾ ਕਿ ਸਿਲੰਡਰਾਂ ਦੀ ਕਿੱਲਤ ਕਾਰਨ ਬੇਸ਼ੱਕ ਮਹਿੰਗਾ ਪਵੇਗਾ ਕੰਮ ਧੰਦਾ ਤਾਂ ਚਲਾਉਣਾ ਹੀ ਪੈਣਾ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਰਸੋਈ ਗੈਸ ਦੀ ਸਪਲਾਈ ’ਚ ਲਗਾਤਾਰਤਾ ਯਕੀਨੀ ਬਨਾਉਣ ਅਤੇ ਕਾਲਾਬਜਾਰੀ ਰੋਕਣ ਦੀ ਅਪੀਲ ਕੀਤੀ ਹੈ ਤਾਂ ਜੋ ਕਾਰੋਬਾਰੀਆਂ ਅਤੇ ਪੈਲੇਸ ਮਾਲਕਾਂ ਦੇ ਨਾਲ ਨਾਲ ਲੋਕਾਂ ਦੇ ਵਿਆਹ ਸਾਹਿਆਂ ਤੇ ਬੁਰਾ ਪ੍ਰਭਾਵ ਨਾਂ ਪਵੇ।
ਬਠਿੰਡਾ ਦੇ ਇੱਕ ਮੈਰਿਜ ਪੈਲੇਸ ’ਚ ਵਿਆਹ ਸਬੰਧੀ ਤਿਆਰੀਆਂ ਕਰ ਰਹੇ ਕੈਟਰਿੰਗ ਕਾਰੋਬਾਰੀ ਦੇ ਮੁਲਾਜਮਾਂ ਦਾ ਕਹਿਣਾ ਸੀ ਕਿ ਅਜੇ ਤਾਂ ਸੀਜ਼ਨ ਦੀ ਸ਼ੁਰੂਆਤ ਹੈ ਅਤੇ ਪੰਜਾਬ ਵਿੱਚ ਹਜ਼ਾਰਾਂ ਵਿਆਹ ਹੋਣੇ ਬਾਕੀ ਹਨ । ਉਨ੍ਹਾਂ ਦੱਸਿਆ ਕਿ ਜੇਕਰ ਇਹ ਕਿੱਲਤ ਜਲਦੀ ਦੂਰ ਨਾ ਹੋਈ ਤਾਂ ਵਿਆਹ ਸਮਾਗਮਾਂ ਵਿੱਚ ਖਾਣੇ ਦੇ ਪ੍ਰਬੰਧਾਂ ’ਤੇ ਵੱਡਾ ਅਸਰ ਪਵੇਗਾ। ਇਸ ਮੌਕ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਰਾਜੀਵ ਸ਼ੁਕਲਾ ਦਾ ਕਹਿਣਾ ਸੀ ਕਿ ਇਸ ਵਕਤ ਸਮੁੱਚੀ ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜੰਗ ਕਾਰਨ ਸਪਲਾਈ ਲਾਈਨ ਟੁੱਟਣ ਕਰਕੇ ਵਪਾਰਿਕ ਗੈਸ ਦੀ ਘਾਟ ਹੋ ਰਹੀ ਹੈ ਜਿਸ ਨਾਲ ਖਾਣ-ਪੀਣ ਵਾਲੀਆਂ ਵੱਡੀ ਗਿਣਤੀ ਦੁਕਾਨਾਂ ਬੰਦ ਹੋਣ ਕੰਢੇ ਹਨ। ਉਨ੍ਹਾਂ ਦੱਸਿਆ ਕਿ ਅਚਾਨਕ ਆਏ ਇਸ ਅਣਕਿਆਸੇ ਸੰਕਟ ਬਾਰੇ ਕਿਸੇ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਜਿਸ ਕਰਕੇ ਦਿੱਕਤ ਜਿਆਦਾ ਆ ਰਹੀ ਹੈ।
ਵਪਾਰਿਕ ਗੈਸ ਦੀ ਬੁਕਿੰਗ ਬੰਦ
ਅਮਰੀਕਾ ਇਜਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਹੈ ਕਿ ਕਈ ਥਾਵਾਂ ’ਤੇ ਵਪਾਰਿਕ ਗੈਸ ਸਿਲੰਡਰ ਮਿਲਣਾ ਬੰਦ ਹੋ ਗਿਆ ਹੈ ਜਦੋਂਕਿ ਕੁੱਝ ਥਾਈਂ ਘਰੇਲੂ ਗੈਸ ਸਬੰਧੀ ਵੀ ਪਰੇਸ਼ਾਨੀ ਆ ਰਹੀ ਹੈ। ਜਲੰਧਰ ’ਚ ਵੀ ਸਥਿਤੀ ਬੇਕਾਬੂ ਹੈ ਅਤੇ ਲੁਧਿਆਣਾ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਇੱਕ ਦੋ ਜਗ੍ਹਾ ਜਿਆਦਾ ਭੀੜ ਹੋਣ ਕਾਰਨ ਗੈਸ ਏਜੰਸੀਆਂ ਬੰਦ ਕਰਨੀਆਂ ਪਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ’ਚ ਰਸੋਈ ਗੈਸ ਦੀ ਘਾਟ ਨਾਂ ਆਉਣ ਦੇਣ ਸਬੰਧੀ ਆਦੇਸ਼ ਦਿੱਤੇ ਹਨ।
ਫਿਲਹਾਲ ਸਥਿਤੀ ਠੀਕ: ਮਾਨ ਗੈਸ
ਬਠਿੰਡਾ ਦੀ ਮਸ਼ਹੂਰ ਮਾਨ ਗੈਸ ਏਜੰਸੀ ’ਤੇ ਅੱਜ ਘਰੇਲੂ ਰਸੋਈ ਗੈਸ ਦੇ ਸਿਲੰਡਰਾਂ ਦੀ ਵੰਡ ਕੀਤੀ ਗਈ। ਗੈਸ ਏਜੰਸੀ ਦੇ ਮੈਨੇਜਰ ਮਹਿੰਦਰ ਸਿੰਘ ‘ਖਾਕ’ ਦਾ ਕਹਿਣਾ ਸੀ ਕਿ ਹਾਲ ਦੀ ਘੜੀ ਕੋਈ ਦਿੱਕਤ ਨਹੀਂ ਅਤੇ ਜਦੋਂ ਤੱਕ ਸਪਲਾਈ ਆਉਂਦੀ ਰਹੇਗੀ ਉਹ ਸਿੰਲਡਰਾਂ ਦੀ ਵੰਡ ਯਕੀਨੀ ਬਨਾਉਣਗੇ। ਉਨ੍ਹਾਂ ਖਪਤਕਾਰਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਘਬਰਾਹਟ ’ਚ ਨਾਂ ਆਉਣ ਦੀ ਅਪੀਲ ਵੀ ਕੀਤੀ ਹੈ।
ਡੀਸੀ ਬਠਿੰਡਾ ਵੱਲੋਂ ਭਰੋਸਾ
ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਦਾ ਕਹਿਣਾ ਸੀ ਕਿ ਫਿਲਾਹਲ ਵਾਪਿਰਕ ਸਿਲੰਡਰਾਂ ਦੀ ਸਪਲਾਈ ਕੁੱਝ ਦਿਨਾਂ ਲਈ ਰੋਕੀ ਗਈ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ’ਚ ਰਸੋਈ ਗੈਸ, ਡੀਜ਼ਲ ਅਤੇ ਪੈਟਰੋਲ ਦਾ ਸਟਾਕ ਲੁੜੀਂਦੀ ਮਾਤਰਾ ’ਚ ਮੌਜੂਦ ਹੈ ਇਸ ਲਈ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਲੋੜ ਅਨੁਸਾਰ ਹੀ ਗੈਸ ਸਿਲੰਡਰ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ ਹੈ।
Click to Follow Babushahi Facebook page →