ਜ਼ਿਲ੍ਹਾ ਲਿਖਾਰੀ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਹੋਈ ਮੀਟਿੰਗ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 08 ਮਾਰਚ 2026:- ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਉਹਨਾਂ ਦੇ ਗ੍ਰਹਿ ਵਿਖੇ ਜ਼ਿਲ੍ਹਾ ਲਿਖਾਰੀ ਸਭਾ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਆਉਂਦੇ ਦੋ ਸਾਲਾਂ ਲਈ ਲਿਖਾਰੀ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬੀਬੀ ਸਰਹਿੰਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਲਿਖਾਰੀ ਸਭਾ ਦਾ ਦੋ ਸਾਲਾਂ ਦਾ ਕਾਰਜਕਾਲ ਲਗਭਗ ਪੂਰਾ ਹੋ ਚੁੱਕਾ ਹੈ ਤੇ ਅਗਲੇ ਦੋ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਸੰਬੰਧੀ ਮੀਟਿੰਗ ਕੀਤੀ ਗਈ ਹੈ। ਇਸ ਮੌਕੇ ਲਿਖਾਰੀ ਸਭਾ ਵੱਲੋਂ ਛਪਵਾਏ ਜਾ ਰਹੇ ਸਾਂਝੇ ਕਾਵਿ ਸੰਗ੍ਰਹਿ ਲਈ ਚਾਹਵਾਨ ਕਵੀ 14 ਤਰੀਕ, ਦਿਨ ਸ਼ਨੀਵਾਰ ਨੂੰ ਸਭਾ ਦੀ ਹੋਣ ਵਾਲੀ ਮੀਟਿੰਗ ਵਿੱਚ ਆਪਣੀਆਂ ਛੇ-ਛੇ ਰਚਨਾਵਾਂ ਟਾਈਪ ਕਰਵਾਕੇ ਲਿਆਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਲਿਖਾਰੀ ਸਭਾ ਦੀਆਂ ਗਤੀਵਿਧੀਆਂ ਤੇ ਨਵੇਂ ਸਾਹਿਤਕਾਰਾਂ, ਲੇਖਕਾਂ ਤੇ ਕਵੀਆਂ ਨੂੰ ਸਭਾ ਨਾਲ ਜੋੜਨ ਸਬੰਧੀ ਵੀ ਗੱਲਬਾਤ ਕੀਤੀ ਗਈ। ਆਉਂਦੇ ਮਹੀਨਿਆਂ ਵਿੱਚ ਸਾਹਿਤਕਾਰਾਂ ਨਾਲ ਰੂਬਰੂ ਕਰਵਾਉਣ ਤੇ ਲਿਖਾਰੀ ਸਭਾ ਦੇ ਕਵੀਆਂ ਦੀਆਂ ਛਪ ਚੁੱਕੀਆਂ ਪੁਸਤਕਾਂ ਉੱਤੇ ਚਰਚਾ ਕਰਨ ਸੰਬੰਧੀ ਵੀ ਰਣਨੀਤੀ ਉਲੀਕੀ ਗਈ। ਇਸ ਤੋਂ ਇਲਾਵਾ ਲਿਖਾਰੀ ਸਭਾ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਤੇ ਲਿਆਉਣ ਦੀ ਯੋਜਨਾ ਵੀ ਬਣਾਈ ਗਈ। ਇਸ ਮੌਕੇ ਬੀਬੀ ਪਰਮਜੀਤ ਕੌਰ ਸਰਹਿੰਦ ਤੋਂ ਇਲਾਵਾ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ, ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾ, ਸਕੱਤਰ ਸੁਖਵਿੰਦਰ ਸਿੰਘ ਢਿੱਲੋਂ, ਕੈਸ਼ੀਅਰ ਅਵਤਾਰ ਸਿੰਘ ਪੁਆਰ, ਅਜਮੇਰ ਸਿੰਘ ਮਾਨ, ਮੈਡਮ ਪ੍ਰੇਮ ਲਤਾ, ਸਿਮਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ।
Click to Follow Babushahi Facebook page →