ਪਿੰਡ ਚੀਮਾ ਖੁਰਦ ਵਿਖੇ ਸਾਬਕਾ ਫੌਜੀ ਦੇ ਕਤਲ ਦਾ ਮਾਮਲਾ ਗਰਮਾਇਆ: ਸਾਬਕਾ ਸੈਨਿਕਾਂ ਤੇ ਕਿਸਾਨਾਂ ਵੱਲੋਂ ਵਲਟੋਹਾ ਥਾਣੇ ਦਾ ਘੇਰਾਓ
ਹਾਈਵੇ ਜਾਮ ਕਰਨ ਦੀ ਦਿੱਤੀ ਚੇਤਾਵਨੀ
ਬਲਜੀਤ ਸਿੰਘ
ਪੱਟੀ, ਤਰਨ ਤਾਰਨ | 11 ਫਰਵਰੀ, 2026
ਤਰਨ ਤਾਰਨ ਦੇ ਪਿੰਡ ਚੀਮਾ ਖੁਰਦ ਵਿਖੇ ਇੱਕ ਸਾਬਕਾ ਫੌਜੀ ਦੇ ਹੋਏ ਬੇਰਹਿਮੀ ਨਾਲ ਕਤਲ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ। ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੀਆਂ ਸਾਬਕਾ ਸੈਨਿਕ ਜਥੇਬੰਦੀਆਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਵਲਟੋਹਾ ਥਾਣੇ ਦਾ ਘੇਰਾਓ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਮਸਲਾ ਹੱਲ ਨਾ ਹੋਇਆ ਤਾਂ ਨੈਸ਼ਨਲ ਹਾਈਵੇ 54 ਨੂੰ ਮੁਕੰਮਲ ਤੌਰ 'ਤੇ ਜਾਮ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿੰਡ ਚੀਮਾ ਖੁਰਦ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਕਥਿਤ ਆਗੂਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਸਾਬਕਾ ਫੌਜੀ ਦਾ ਕਤਲ ਕਰ ਦਿੱਤਾ ਗਿਆ ਸੀ। ਪੀੜਤ ਪਰਿਵਾਰ ਅਤੇ ਜਥੇਬੰਦੀਆਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਢਿੱਲ ਵਰਤੀ ਜਾ ਰਹੀ ਹੈ। ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਅਤੇ ਸਾਬਕਾ ਸੈਨਿਕ ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਤੱਕ ਤੀਜੇ ਫਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਧਰਨਾ ਖ਼ਤਮ ਨਹੀਂ ਹੋਵੇਗਾ।
ਧਰਨੇ ਵਾਲੀ ਥਾਂ 'ਤੇ ਮੌਜੂਦ ਆਗੂਆਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਕੁਝ ਹੀ ਦੇਰ ਵਿੱਚ ਹਰਿਕੇ ਹੈੱਡ ਵਰਕਸ ਨੇੜੇ ਨੈਸ਼ਨਲ ਹਾਈਵੇ 54 'ਤੇ ਚੱਕਾ ਜਾਮ ਕਰ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪੂਰੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਅਤੇ ਕਿਸਾਨ ਪਹੁੰਚ ਰਹੇ ਹਨ, ਜਿਸ ਕਾਰਨ ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ।