ਆਈ.ਆਈ.ਟੀ. ਰੋਪੜ ਟੈਕਨਾਲੋਜੀ ਬਿਜਨਸ ਇੰਨਕਿਊਬੇਟਰ ਫਾਊਂਡੇਸ਼ਨ ਅਤੇ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਚਕਾਰ ਸਮਝੌਤਾ ਸਹੀਬੱਧ
ਮਨਪ੍ਰੀਤ ਸਿੰਘ
ਰੂਪਨਗਰ 31 ਜਨਵਰੀ
ਸਟਾਰਟਅੱਪ ਅਤੇ ਨਵੀਨਤਾ ਪਰਿਸਰ ਨੂੰ ਮਜਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਆਈ.ਆਈ.ਟੀ. ਰੋਪੜ ਟੈਕਨਾਲੋਜੀ ਬਿਜਨਸ ਇੰਨਕਿਊਬੇਟਰ ਫਾਊਂਡੇਸ਼ਨ ਅਤੇ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ, ਰੋਪੜ ਵਿਚਕਾਰ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ, ਜਿਸ ਦਾ ਮਕਸਦ ਦੋਵਾਂ ਪੱਖਾਂ ਵਿਚਕਾਰ ਸਹਿਯੋਗ ਸਥਾਪਿਤ ਕਰਨਾ ਹੈ ਤਾਂ ਜੋ ਸਾਂਝੇ ਤੌਰ ‘ਤੇ ਸਟਾਰਟਅੱਪ ਪਰਿਸਰ ਨੂੰ ਮਜ਼ਬੂਤ ਕੀਤਾ ਜਾ ਸਕੇ, ਸ਼ੁਰੂਆਤੀ ਪੜਾਅ ਦੇ ਉਦਯਮਾਂ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਸਾਂਝੀ ਇੰਨਕਿਊਬੇਸ਼ਨ, ਸਾਂਝੀ ਵਿੱਤੀ ਸਹਾਇਤਾ ਅਤੇ ਸਾਂਝੇ ਸਰੋਤਾਂ ਰਾਹੀਂ ਉਦਯਮਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਮੌਕੇ ਕੈਂਪਸ ਦੇ ਰਜਿਸਟਰਾਰ-ਕਮ-ਡਾਇਰਕੈਟਰ ਡਾ. ਐਸ.ਐਸ. ਬਿੰਦਰਾ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਲਈ ਨਵੇਂ ਰਾਹ ਖੋਲ੍ਹੇਗਾ, ਜਿਸ ਤਹਿਤ ਉਨ੍ਹਾਂ ਦੇ ਅਕਾਦਮਿਕ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਉਹ ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾ ਸਕਣਗੇ। ਉਨ੍ਹਾਂ ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰਕੈਟਰ (ਅਕਾਦਮਿਕ), ਡਾ. ਪ੍ਰੀਤ ਕੰਵਲ ਕੌਰ, ਪ੍ਰਿੰਸੀਪਲ –ਫਾਰਮੈਸੀ ਅਤੇ ਡਾ. ਤਰਨਜੀਤ ਕੌਰ, ਡੀਨ – ਰਿਸਰਚ ਦੀ ਪ੍ਰਸੰਸਾ ਕੀਤੀ, ਜਿਨ੍ਹਾਂ ਦੇ ਯਤਨਾ ਸਦਕਾ ਇਸ ਸਮਝੌਤੇ ਨੂੰ ਸਹੀਬੱਧ ਕੀਤਾ ਗਿਆ। ਇਸ ਸਮਝੌਤੇ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆ ਡਾ. ਤਰਨਜੀਤ ਕੌਰ, ਡੀਨ – ਰਿਸਰਚ, ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਨੇ ਦੱਸਿਆ ਕਿ ਇਹ ਸਮਝੌਤਾ ਡਾ. ਸ਼੍ਰੈ ਪਾਠਕ, ਫੈਕਲਟੀ ਇੰਚਾਰਜ-ਕਮ-ਡਾਇਰਕੈਟਰ, ਆਈ.ਆਈ.ਟੀ. ਰੋਪੜ ਟੀ.ਬੀ.ਆਈ.ਐਫ ਅਤੇ ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰਕੈਟਰ (ਅਕਾਦਮਿਕ), ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵੱਲੋਂ ਹਸਤਾਖ਼ਰਿਤ ਕੀਤਾ ਗਿਆ। ਇਸ ਸਮਝੌਤੇ ਅਧੀਨ ਦੋਵਾਂ ਸੰਸਥਾਵਾਂ ਮਿਲ ਕੇ ਨਵੇਂ ਸਟਾਰਟਅੱਪਸ ਦੀ ਮਦਦ ਕਰਨਗੀਆਂ। ਸਟਾਰਟਅੱਪਸ ਨੂੰ ਮਾਰਗਦਰਸ਼ਨ, ਤਕਨੀਕੀ ਸਹਾਇਤਾ, ਟ੍ਰੇਨਿੰਗ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕਰਨਗੀਆਂ। ਇਸ ਸਹਿਯੋਗ ਅਧੀਨ ਵਰਕਸ਼ਾਪਾਂ, ਸੈਮੀਨਾਰਾਂ, ਕਾਨਫਰੰਸਾਂ, ਬੂਟਕੈਂਪ, ਟ੍ਰੇਨਿੰਗ ਸੈਸ਼ਨ, ਹੈਕਾਥਾਨ ਅਤੇ ਨੈੱਟਵਰਕਿੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਉਦਯੋਗ ਨਾਲ ਜੁੜਨ ਅਤੇ ਨਵੇਂ ਮੌਕੇ ਸਮਝਣ ਦਾ ਮੌਕਾ ਮਿਲੇਗਾ। ਇਸ ਨਾਲ ਵਿਦਿਆਰਥੀਆਂ ਵਿੱਚ ਸਵੈ-ਰੋਜ਼ਗਾਰ ਅਤੇ ਨਵੀਨਤਾ ਪ੍ਰਤੀ ਰੁਚੀ ਵਧੇਗੀ। ਇਸ ਮੌਕੇ ਰਿਤਿਕਾ ਮਹਾਜਨ, ਮੈਨਜਰ - ਆਈ.ਆਈ.ਟੀ. ਰੋਪੜ ਟੀ.ਬੀ.ਆਈ.ਐਫ. ਵੀ ਹਾਜ਼ਰ ਸਨ।