ਮੋਹਾਲੀ ਵਿਖੇ ਏਆਈ-ਆਧਾਰਿਤ ਇੰਟੀਗ੍ਰੇਟਿਡ ‘ਰੋਬੋ-ਸੂਟ’ ਦਾ ਉਦਘਾਟਨ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਹਿੰਗੇ ਇਲਾਜ ਨੂੰ ਆਮ ਲੋਕਾਂ ਤੱਕ ਪਹੁੰਚਯੋਗ ਬਣਾਉਣ ਲਈ ਨਿੱਜੀ ਹਸਪਤਾਲਾਂ ਨੂੰ ਸਹਿਯੋਗ ਦੀ ਅਪੀਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜਨਵਰੀ:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਸ਼ਾਮ ਨੂੰ ਮੋਹਾਲੀ ਸਥਿਤ ਪਾਰਕ ਹਸਪਤਾਲ ਵਿੱਚ ਏਆਈ-ਆਧਾਰਿਤ ਇੰਟੀਗ੍ਰੇਟਿਡ “ਰੋਬੋ-ਸੂਟ” ਦਾ ਉਦਘਾਟਨ ਕੀਤਾ, ਜੋ ਉੱਤਰੀ ਭਾਰਤ ਵਿੱਚ ਉੱਚ ਪੱਧਰੀ ਰੋਬੋਟਿਕ ਸਰਜਰੀ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ (ਐੱਮ.ਐੱਮ.ਐੱਸ.ਵਾਈ.) ਤਹਿਤ ਪੰਜਾਬ ਦੀਆਂ ਲਗਭਗ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਸ ਵਿੱਚ 2300 ਤੋਂ ਵੱਧ ਇਲਾਜ ਪੈਕੇਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉੱਚ ਪੱਧਰੀ ਅਤੇ ਮਹਿੰਗੇ ਇਲਾਜ ਵੀ ਨਿੱਜੀ ਹਸਪਤਾਲਾਂ ਰਾਹੀਂ ਇਸ ਯੋਜਨਾ ਅਧੀਨ ਉਪਲਬਧ ਕਰਵਾਏ ਜਾਣਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਲਗਭਗ 900 ਸਰਕਾਰੀ ਅਤੇ ਨਿੱਜੀ ਹਸਪਤਾਲ ਯੋਜਨਾ ਅਧੀਨ ਸ਼ਾਮਿਲ ਹੋ ਚੁੱਕੇ ਹਨ ਅਤੇ ਰਾਜ ਦੇ ਨਾਗਰਿਕਾਂ ਦੀ ਆਧਾਰ ਅਤੇ ਵੋਟਰ ਕਾਰਡ ਅਧਾਰਿਤ ਰਜਿਸਟ੍ਰੇਸ਼ਨ ਤੇਜ਼ੀ ਨਾਲ ਜਾਰੀ ਹੈ।
ਉਨ੍ਹਾਂ ਨੇ ਨਿੱਜੀ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਉਪਰਾਲਿਆਂ ਵਿੱਚ ਭਾਗੀਦਾਰ ਬਣ ਕੇ ਹਰ ਪਰਿਵਾਰ ਤੱਕ ਮਿਆਰੀ ਅਤੇ ਆਧੁਨਿਕ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ।
ਇਸ ਮੌਕੇ ਡਾ. ਭਾਨੂ ਪ੍ਰਤਾਪ ਸਲੂਜਾ, ਡਾਇਰੈਕਟਰ – ਹੱਡੀ ਰੋਗ ਅਤੇ ਰੋਬੋਟਿਕ ਸਰਜਰੀ, ਪਾਰਕ ਹਸਪਤਾਲ, ਨੇ ਕਿਹਾ ਕਿ ਰੋਬੋ-ਸੂਟ ਨਾਲ ਸਰਜਰੀ ਤੇਜ਼, ਸੁਰੱਖਿਅਤ ਅਤੇ ਹੋਰ ਭਰੋਸੇਯੋਗ ਨਤੀਜਿਆਂ ਨਾਲ ਸੰਪੰਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਘੱਟ ਕੱਟਾਂ ਰਾਹੀਂ ਕੀਤੀ ਜਾਣ ਵਾਲੀ ਇਸ ਸਰਜਰੀ ਨਾਲ ਮਰੀਜ਼ ਕੁਝ ਘੰਟਿਆਂ ਵਿੱਚ ਤੁਰਨ ਯੋਗ ਹੋ ਜਾਂਦਾ ਹੈ ਅਤੇ 7 ਤੋਂ 10 ਦਿਨਾਂ ਵਿੱਚ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਂਦਾ ਹੈ।