ਪੰਜਾਬ ਨੂੰ ਮੌਜੂਦਾ ਚੁਣੌਤੀਆਂ ਤੋਂ ਬਚਾਉਣ ਤੇ ਸੂਬੇ ਦਾ ਭਵਿੱਖ ਸੁਰੱਖਿਤ ਕਰਨ ਲਈ ਕਾਂਗਰਸ ਨੂੰ ਸੱਤਾ ਚ ਲਿਆਉਣਾ ਜਰੂਰੀ: ਮਨੀਸ਼ ਤਿਵਾੜੀ
ਗੁਰੂ ਅਮਰਦਾਸ ਨਗਰ ਵਿਖੇ ਸਮਾਗਮ ਚ ਕੀਤੀ ਸ਼ਿਰਕਤ
ਪ੍ਰਮੋਦ ਭਾਰਤੀ
ਲੁਧਿਆਣਾ, 21 ਜਨਵਰੀ,2026
ਸੀਨੀਅਰ ਕਾਂਗਰਸੀ ਆਗੂ, ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬ ਨੂੰ ਮੌਜੂਦਾ ਚੁਣੌਤੀਆਂ ਤੋਂ ਬਚਾਉਣ ਅਤੇ ਸੂਬੇ ਦਾ ਭਵਿੱਖ ਸੁਰੱਖਿਤ ਕਰਨ ਲਈ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਬਹੁਤ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਸੂਬੇ ਅੰਦਰ ਨਸ਼ੇ ਅਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਦੇ ਹਾਲਾਤ ਕਿਸੇ ਤੋਂ ਲੁੱਕੇ ਨਹੀਂ ਹਨ।
ਤਿਵਾੜੀ ਲੁਧਿਆਣਾ ਦੇ ਗੁਰੂ ਅਮਰਦਾਸ ਨਗਰ ਵਿਖੇ ਟ੍ਰੇਡ ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਵੱਲੋਂ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜਿਲਾ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਬਾਵਾ ਵੀ ਮੌਜੂਦ ਰਹੇ।
ਐਮ.ਪੀ. ਤਿਵਾੜੀ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਨਸ਼ੇ, ਕਾਨੂੰਨ ਵਿਵਸਥਾ, ਵਿਕਾਸ ਵਰਗੇ ਅਹਿਮ ਵਿਸ਼ਿਆਂ ਉੱਪਰ ਸੂਬੇ ਦੀ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਬਾਕੀ ਸੂਬਿਆਂ ਨਾਲੋਂ ਪਿਛੜ ਰਿਹਾ ਹੈ ਅਤੇ ਸੂਬੇ ਨੂੰ ਮੌਜੂਦਾ ਹਾਲਾਤਾਂ ਤੋਂ ਕਾਂਗਰਸ ਪਾਰਟੀ ਹੀ ਕੱਢ ਸਕਦੀ ਹੈ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਹਨਾਂ ਨੂੰ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਭਵਿੱਖ ਦੀ ਚਿੰਤਾ ਹੈ। ਇਸ ਤੋਂ ਇਲਾਵਾ, ਉਹਨਾਂ ਨੇ ਲੁਧਿਆਣਾ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਤਿਵਾੜੀ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਦੋਸ਼ਬਾਜੀ ਦੀ ਸਿਆਸਤ ਤੋਂ ਉੱਪਰ ਉੱਠਣਾ ਪਵੇਗਾ। ਉਹਨਾਂ ਨੇ ਕਿਹਾ ਕਿ ਆਰੋਪ ਲਗਾਉਣ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਨਿਕਲਦਾ, ਬਲਕਿ ਇਸ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਇਸ ਦੌਰਾਨ ਟਰੇਡ ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ, ਕਿਹਾ ਕਿ ਕਰਮਚਾਰੀ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਹੀਂ ਮਿਲ ਰਹੀ ਹੈ ਅਤੇ ਸਰਕਾਰੀ ਦਫਤਰਾਂ ਵਿੱਚ ਧੱਕੇ ਖਾਣੇ ਪੈਂਦੇ ਹਨ। ਇਸੇ ਤਰ੍ਹਾਂ, ਸਰਕਾਰ ਵੱਲੋਂ ਚੋਣਾਂ ਵੇਲੇ ਕੀਤਾ ਕੋਈ ਵੀ ਵਾਧਾ ਪੂਰਾ ਨਹੀਂ ਕੀਤਾ ਗਿਆ।
ਇਸ ਤੋਂ ਪਹਿਲਾਂ, ਸੰਸਦ ਮੈਂਬਰ ਵੱਲੋਂ ਲੋੜਵੰਦਾਂ ਨੂੰ ਕੰਬਲ ਵੀ ਵੰਡੇ ਗਏ। ਜਿੱਥੇ ਹੋਰਨਾਂ ਤੋਂ ਇਲਾਵਾ, ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ, ਕੁਲਬੀਰ ਸਿੰਘ ਨੀਟਾ, ਬੀਐਮ ਕਾਲੀਆ, ਡਾ. ਰਾਜੇਸ਼ ਅਰੋੜਾ, ਸੁਖਵੰਤ ਕੌਰ, ਮਨਜਿੰਦਰ ਸਿੰਘ ਵੀ ਮੌਜੂਦ ਰਹੇ।