Breaking: ਪੰਜਾਬ 'ਚ ਗੈਂਗਸਟਰਾਂ ਵਿਰੁੱਧ ਵੱਡਾ ਐਕਸ਼ਨ! ਪੁਲਿਸ ਦੇ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਛਾਪੇਮਾਰੀ ਜਾਰੀ- DGP ਨੇ ਦਿੱਤੀ ਸਿੱਧੀ ਚੇਤਾਵਨੀ (ਵੇਖੋ ਵੀਡੀਓ)
ਚੰਡੀਗੜ੍ਹ 20 ਜਨਵਰੀ 2026- ਮੁੱਖ ਮੰਤਰੀ ਭਗਵੰਤ ਮਾਨ ਦੇ 'ਅਪਰਾਧ ਮੁਕਤ ਪੰਜਾਬ' ਦੇ ਵਿਜ਼ਨ ਨੂੰ ਅੱਗੇ ਵਧਾਉਂਦਿਆਂ ਪੰਜਾਬ ਪੁਲਿਸ ਨੇ ਅੱਜ (20 ਜਨਵਰੀ 2026) ਸੂਬੇ ਭਰ ਵਿੱਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਨੈੱਟਵਰਕ ਖਿਲਾਫ਼ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਪੁਲਿਸ ਦੀਆਂ 2000 ਟੀਮਾਂ, ਜਿਸ ਵਿੱਚ ਹਜ਼ਾਰਾਂ ਮੁਲਾਜ਼ਮਾਂ ਸ਼ਾਮਲ ਹਨ, ਉਨ੍ਹਾਂ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ੱਕੀ ਟਿਕਾਣਿਆਂ 'ਤੇ ਇੱਕੋ ਸਮੇਂ ਰੇਡ ਕੀਤੀ ਜਾ ਰਹੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਡੀ.ਜੀ.ਪੀ. ਗੌਰਵ ਯਾਦਵ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ "ਅਸੀਂ ਗੈਂਗਸਟਰਾਂ ਦਾ ਸਾਰਾ ਨੈਕਸਸ ਤਬਾਹ ਕਰ ਦੇਵਾਂਗੇ। ਚਾਹੇ ਕੋਈ ਸੂਬੇ ਦੇ ਅੰਦਰ ਹੈ ਜਾਂ ਬਾਹਰ ਬੈਠਾ ਹੈ, ਕੋਈ ਵੀ ਖ਼ੁਦ ਨੂੰ ਮਹਿਫ਼ੂਜ਼ ਨਾ ਸਮਝੇ।"
ਡੀ.ਜੀ.ਪੀ. ਨੇ ਕਿਹਾ ਕਿ ਜੋ ਅਪਰਾਧੀ ਸੁਧਰਨਾ ਚਾਹੁੰਦੇ ਹਨ ਅਤੇ ਮੁੱਖ ਧਾਰਾ ਵਿੱਚ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੌਕਾ ਮਿਲੇਗਾ, ਪਰ ਜ਼ੁਰਮ ਦੀ ਰਾਹ 'ਤੇ ਚੱਲਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਏਜੰਸੀਆਂ ਦੀ ਮਦਦ ਨਾਲ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਦੇ ਮਦਦਗਾਰਾਂ, ਪਨਾਹ ਦੇਣ ਵਾਲਿਆਂ ਅਤੇ ਨਸ਼ਾ ਤਸਕਰਾਂ ਦੇ ਟਿਕਾਣਿਆਂ 'ਤੇ ਜਾਂਚ ਜਾਰੀ ਹੈ। ਇਸ ਮੁਹਿੰਮ ਤਹਿਤ ਨਾ ਸਿਰਫ਼ ਗੈਂਗਸਟਰਾਂ ਸਗੋਂ ਨਸ਼ਾ ਤਸਕਰਾਂ ਵਿਰੁੱਧ ਵੀ 'ਜ਼ੀਰੋ ਟਾਲਰੈਂਸ' ਨੀਤੀ ਅਪਣਾਈ ਜਾ ਰਹੀ ਹੈ।
ਪੰਜਾਬ ਪੁਲਿਸ ਦਾ ਇਹ ਐਕਸ਼ਨ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਡੀ.ਜੀ.ਪੀ. ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਰਾਹ ਤੋਂ ਦੂਰ ਰਹਿਣ।