"ਮੈਂ ਕਾਂਗਰਸ ਦਾ ਸੱਚਾ ਸਿਪਾਹੀ ਹਾਂ ਅਤੇ ਕਾਂਗਰਸ ਚ ਹੀ ਰਹਾਂਗਾ"- ਚੰਨੀ ਦਾ ਭਾਜਪਾ ਦੇ ਸੱਦੇ 'ਤੇ ਕਰਾਰਾ ਜਵਾਬ
ਬਰਨਾਲਾ/ਚੰਡੀਗੜ੍ਹ20 ਜਨਵਰੀ 2026- : ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਲੇਸ਼ ਅਤੇ ਭਾਜਪਾ ਆਗੂ ਕੇਵਲ ਢਿੱਲੋਂ ਵੱਲੋਂ ਦਿੱਤੇ ਗਏ ਸੱਦੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਬਰਨਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਸਾਫ਼ ਕਿਹਾ ਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਕਿਸੇ ਵੀ ਕੀਮਤ 'ਤੇ ਪਾਰਟੀ ਨਹੀਂ ਛੱਡਣਗੇ।
ਮੁੱਖ ਮੰਤਰੀ ਵਜੋਂ ਕੀਤੇ ਕੰਮਾਂ ਦਾ ਦਿੱਤਾ ਹਵਾਲਾ
ਆਪਣੇ ਉੱਪਰ ਲੱਗ ਰਹੇ 'ਜਾਤੀਵਾਦ' ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ 'ਸਾਂਝੇ' ਕੰਮ ਗਿਣਵਾਏ। ਉਨ੍ਹਾਂ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸੀ, ਤਾਂ ਬਿਜਲੀ ਦੇ ਬਕਾਇਆ ਬਿੱਲ ਕਿਸੇ ਇੱਕ ਵਰਗ ਦੇ ਨਹੀਂ, ਸਗੋਂ ਸਾਰੇ ਧਰਮਾਂ ਅਤੇ ਜਾਤਾਂ ਦੇ ਗਰੀਬ ਲੋਕਾਂ ਦੇ ਮੁਆਫ਼ ਕੀਤੇ ਸਨ। ਚੰਨੀ ਨੇ ਦੱਸਿਆ ਕਿ ਪਹਿਲਾਂ ਸਿਰਫ਼ ਇੱਕ ਵਿਸ਼ੇਸ਼ ਵਰਗ ਦੇ ਬੱਚਿਆਂ ਨੂੰ ਵਰਦੀ ਮਿਲਦੀ ਸੀ, ਪਰ ਉਨ੍ਹਾਂ ਨੇ ਹਰ ਗਰੀਬ ਬੱਚੇ ਲਈ ਵਰਦੀ ਲਾਜ਼ਮੀ ਕੀਤੀ। ਇਸੇ ਤਰ੍ਹਾਂ 'ਮੁੱਖ ਮੰਤਰੀ ਸਕਾਲਰਸ਼ਿਪ ਸਕੀਮ' ਰਾਹੀਂ 60% ਤੋਂ ਵੱਧ ਨੰਬਰ ਲੈਣ ਵਾਲੇ ਹਰ ਬਰਾਦਰੀ ਦੇ ਬੱਚੇ ਦੀ ਫੀਸ ਮੁਆਫ਼ ਕੀਤੀ।
ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜੀ: ਚੰਨੀ
ਨਰਮੇ ਦੇ ਖ਼ਰਾਬੇ 'ਤੇ 17,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ ਖੇਤ ਮਜ਼ਦੂਰਾਂ ਨੂੰ 1700 ਰੁਪਏ ਦੇਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਸਾਂਝੀ ਗੱਲ ਕਰਦਾ ਹਾਂ। ਰਾਜਾ ਵੜਿੰਗ ਅਤੇ ਹੋਰ ਲੀਡਰਾਂ ਵੱਲੋਂ ਕੀਤੀ ਗਈ ਟਿੱਪਣੀ ("ਜੋ ਜਾਤਪਾਤ ਕਰੇਗਾ ਉਹ ਤਬਾਹ ਹੋ ਜਾਵੇਗਾ") 'ਤੇ ਪ੍ਰਤੀਕਿਰਿਆ ਦਿੰਦਿਆਂ ਚੰਨੀ ਨੇ ਕਿਹਾ ਕਿ "ਪੰਜਾਬ ਇੱਕ ਗੁਲਦਸਤਾ ਹੈ, ਜਿਸ ਵਿੱਚ ਵੱਖ-ਵੱਖ ਧਰਮ ਅਤੇ ਜਾਤਾਂ ਸ਼ਾਮਿਲ ਹਨ। ਮੇਰੀ ਸੋਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਹੈ। ਮੇਰੇ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ।"
ਭਾਜਪਾ ਦੇ ਸੱਦੇ 'ਤੇ ਟਿੱਪਣੀ
ਕੇਵਲ ਢਿੱਲੋਂ ਵੱਲੋਂ ਭਾਜਪਾ ਵਿੱਚ ਆਉਣ ਦੇ ਦਿੱਤੇ ਗਏ ਸੱਦੇ ਬਾਰੇ ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਵਾਜ਼ਾਂ ਮਾਰਦੇ ਹਨ, ਪਰ ਮੈਂ ਆਪਣੀ ਪਾਰਟੀ (ਕਾਂਗਰਸ) ਪ੍ਰਤੀ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਫੋਰਮ 'ਤੇ ਆਪਣੀ ਗੱਲ ਰੱਖਣਾ ਕੋਈ ਗਲਤ ਗੱਲ ਨਹੀਂ ਹੈ ਅਤੇ ਉਹ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਰਹਿਣਗੇ।