ਲੋਕ ਮੋਰਚਾ ਪੰਜਾਬ ਵੱਲੋਂ ਵੀ ਬੀ ਜੀ ਰਾਮ ਜੀ ਨੂੰ ਰੱਦ ਕਰਵਾਉਣ ਲਈ ਲੜਾਈ ਲੜਨ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 13 ਜਨਵਰੀ 2026 : ਕੇਂਦਰ ਦੀ ਭਾਜਪਾ ਸਰਕਾਰ ਨੇ ਪੇਂਡੂ ਖੇਤਰ ਦੇ ਲੋਕਾਂ ਖਾਸ ਕਰਕੇ ਖੇਤ ਮਜ਼ਦੂਰਾਂ ਨੂੰ ਕੁਝ ਰਾਹਤ ਦਿੰਦੇ ਮਗਨਰੇਗਾ ਕਾਨੂੰਨ ਦੀ ਥਾਂ ਵੀ. ਬੀ. ਜੀ. ਰਾਮ. ਜੀ. ਬਣਾ ਕੇ ਇਹ ਤੁੱਛ ਰਾਹਤ ਖੋਹੇ ਜਾਣ ਦਾ ਰਾਹ ਬਣਾ ਦਿੱਤਾ ਹੈ।ਇਸ ਨਵੇਂ ਕਾਨੂੰਨ ਨੂੰ ਰੱਦ ਕਰਵਾਉਣ ਤੇ ਪਹਿਲੇ ਨੂੰ ਕਿਰਤੀਆਂ ਪੱਖੀ ਬਣਵਾਉਣ ਦੀਆਂ ਮੰਗਾਂ ਨੂੰ ਲੈ ਕੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਹੋ ਕੇ ਸੰਘਰਸ਼ ਕਰਨ ਦਾ ਹੋਕਾ ਦੇਣ ਲਈ ਲੋਕ ਮੋਰਚਾ ਪੰਜਾਬ ਵੱਲੋਂ ਪਿੰਡਾਂ ਅੰਦਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਬਿਸ਼ਨੰਦੀ, ਸੇਵੇਵਾਲਾ ਅਤੇ ਦਲ ਸਿੰਘ ਵਾਲਾ ਵਿਖੇ ਮੀਟਿੰਗਾਂ ਕਰਵਾਈਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵਲੋਂ ਨੂੰ ਸਾਮਰਾਜੀਆਂ ਤੇ ਮੁਲਕ ਦੇ ਵੱਡੇ ਪੂੰਜੀਪਤੀਆਂ ਤੇ ਜਗੀਰਦਾਰਾਂ ਦੀ ਸੇਵਾ ਵਿੱਚ ਕਾਨੂੰਨਾਂ ਅੰਦਰ ਸੋਧ ਸੋਧਾਈ ਦੀ ਹਨੇਰੀ ਝੁਲਾ ਰੱਖੀ ਹੈ।
ਉਹਨਾਂ ਕਿਹਾ ਕਿ ਗੱਦੀ 'ਤੇ ਬੈਠਣ ਤੋਂ ਲੈ ਕੇ ਹੁਣ ਤੱਕ ਲਗਭਗ ਸੋਲਾਂ ਸੌ ਸੋਧਾਂ ਕੀਤੀਆਂ ਗਈਆਂ ਹਨ। ਮੁਲਕ ਦੀ ਕੁੱਲ ਸੰਪਤੀ ਤੇ ਸੋਮੇ ਬਿਨਾਂ ਲੋਕ ਵਿਰੋਧ ਤੋਂ ਉਹਨਾਂ ਮੂਹਰੇ ਪਰੋਸੇ ਜਾਣ ਲਈ ਕਾਨੂੰਨਾਂ ਵਿੱਚ ਸੋਧਾਂ ਦੀ ਹਨੇਰੀ ਝੁਲਾ ਰੱਖੀ ਹੈ।ਵੱਡੀ ਪੱਧਰ 'ਤੇ ਤੇਜ਼ੀ ਨਾਲ ਕਾਨੂੰਨਾਂ ਵਿੱਚ ਸੋਧਾਂ ਕਰਕੇ ਨਿਗੂਣੀਆਂ ਰਾਹਤਾਂ ਖੋਹਣ ਵਾਲੇ ਕਾਨੂੰਨ ਬਣਾ ਰਹੀ ਹੈ।ਇਹ ਜੀ ਰਾਮ ਜੀ ਨਾਂ ਦਾ ਨਵਾਂ ਕਾਨੂੰਨ ਪੇਂਡੂ ਖੇਤਰ ਅੰਦਰ ਬੇਰੁਜ਼ਗਾਰੀ ਤੇ ਬੈਚੇਨੀ ਨੂੰ ਵੜਾਵਾ ਦੇਵੇਗਾ। ਲਗਾਤਾਰ ਫੰਡ ਘਟਾਉਂਦੀ ਆ ਰਹੀ ਭਾਜਪਾ ਹਕੂਮਤ ਨੇ ਕੰਮ ਦੇ ਦਿਨਾਂ ਦਾ ਅੰਕੜਾ ਵਧਾ ਕੇ ਇਸ ਨਵੇਂ ਕਾਨੂੰਨ ਵਿੱਚ ਫੰਡ ਉੱਤੇ 90% ਤੋਂ 60% ਦੀ ਵੱਡੀ ਕੈਂਚੀ ਚਲਾ ਦਿੱਤੀ ਹੈ। ਮਜ਼ਦੂਰਾਂ ਵੱਲੋਂ ਮੰਗ ਕਰਨ ਉੱਤੇ ਮਿਲੇ ਰੁਜ਼ਗਾਰ ਦੇ ਅਧਿਕਾਰ ਨੂੰ ਸਰਕਾਰ ਨੇ ਇਸ ਨਵੇਂ ਕਾਨੂੰਨ ਰਾਹੀਂ ਖੋਹ ਕੇ ਆਪਦੀਆਂ ਸਿਆਸੀ ਤੇ ਵੋਟ ਗਿਣਤੀਆਂ ਲਈ ਵਰਤਣ ਵਾਸਤੇ ਆਪਦੇ ਹੱਥ ਹੇਠ ਕਰ ਲਿਆ ਹੈ।
ਉਹਨਾਂ ਕਿਹਾ ਕਿ ਪਹਿਲਾਂ ਨਰੇਗਾ ਅਧੀਨ ਹੁੰਦੇ ਅਨੇਕਾਂ ਕੰਮਾਂ ਉਪਰ ਰੋਕ ਲਾ ਦਿੱਤੀ ਗਈ ਹੈ।ਫੰਡ ਘਟਾਉਣੇ, ਲੰਮਾਂ ਸਮਾਂ ਕੰਮ ਨਾ ਦੇਣਾ ਤੇ ਕੀਤੇ ਕੰਮ ਦੇ ਪੈਸੇ ਲੰਮੇਂ ਸਮੇਂ ਤੱਕ ਨਾ ਦੇਣੇ, ਮਜ਼ਦੂਰਾਂ ਅੰਦਰ ਕੰਮ ਮਿਲਣ ਦੀ ਆਸ ਮੁਕਾਉਣ ਦਾ ਰਾਹ ਹੈ, ਕੰਮ ਬੰਦ ਕਰਾਉਣ ਦਾ ਰਾਹ ਹੈ।
ਆਗੂਆਂ ਨੇ ਪੰਜਾਬ ਵਿਧਾਨ ਸਭਾ ਵੱਲੋਂ ਇਸ ਕਾਨੂੰਨ ਬਾਰੇ ਪਾਸ ਕੀਤੇ ਮਤੇ ਬਾਰੇ ਕਿਹਾ ਕਿ ਮਜ਼ਦੂਰਾਂ ਨੂੰ ਰੁਜ਼ਗਾਰ ਕਿਥੋਂ ਮਿਲਣਾ, ਮਗਨਰੇਗਾ ਕਾਨੂੰਨ ਕੇਂਦਰ ਸਰਕਾਰ ਨੇ ਖ਼ਤਮ ਕਰ ਦਿੱਤਾ ਤੇ ਨਵਾਂ ਕਾਨੂੰਨ ਪੰਜਾਬ ਸਰਕਾਰ ਨੇ ਰੱਦ ਕਰਨ ਦਾ ਮਤਾ ਪਾਸ ਕਰ ਦਿੱਤਾ। ਪੰਜਾਬ ਸਰਕਾਰ ਖ਼ਜ਼ਾਨਾ ਖ਼ਾਲੀ ਹੋਣ ਦੀ ਲਗਾਤਾਰ ਦੁਹਾਈ ਪਾ ਰਹੀ ਹੈ। ਕੇਂਦਰ ਤੋਂ ਫੰਡ ਮੰਗ ਰਹੀ ਹੈ। ਲਗਾਤਾਰ ਕਰਜ਼ੇ ਚੁੱਕ ਰਹੀ ਹੈ।
ਆਗੂਆਂ ਨੇ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਖ਼ੁਦ ਜਥੇਬੰਦ ਹੋ ਕੇ, ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਕਰਕੇ ਤੇ ਆਪਣੇ ਸੰਗੀਆਂ, ਸਨਅਤੀ ਮਜ਼ਦੂਰਾਂ, ਕਿਸਾਨਾਂ ਤੇ ਠੇਕਾ ਕਾਮਿਆਂ ਨਾਲ ਸਾਂਝ ਪਾ ਕੇ ਸੰਘਰਸ਼ ਦਾ ਪਿੜ ਮੱਲਣ ਦੀ ਲੋੜ ਹੈ। ਪੇਂਡੂ ਖੇਤਰ ਅੰਦਰ ਰੁਜ਼ਗਾਰ ਦੀ ਗਰੰਟੀ ਲਈ ਸੰਘਰਸ਼ ਦੀਆਂ ਇਹ ਮੰਗਾਂ ਮੂਹਰੇ ਲਿਆਉਣੀਆਂ ਚਾਹੀਦੀਆਂ ਹਨ। ਆਗੂਆਂ ਨੇ ਨਵੇਂ ਕਾਨੂੰਨ ਨੂੰ ਰੱਦ ਕਰਨ, ਪੁਰਾਣੇ ਨੂੰ ਕਿਰਤੀਆਂ ਪੱਖੀ ਬਣਾਉਣ ਅਤੇ ਸ਼ਰਤਾਂ ਖਤਮ ਕਰਨ ਸਮੇਤ ਵੱਖ-ਵੱਖ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।