328 ਪਾਵਨ ਸਰੂਪਾਂ ਦਾ ਮਾਮਲਾ: SIT ਦੀ ਜਾਂਚ ਤੇਜ਼; ਚੰਡੀਗੜ੍ਹ ਅਤੇ ਅੰਮ੍ਰਿਤਸਰ ਸਥਿਤ SGPC ਦਫ਼ਤਰਾਂ 'ਚ ਪਹੁੰਚੇ ਅਧਿਕਾਰੀ
ਚੰਡੀਗੜ੍ਹ/ਅੰਮ੍ਰਿਤਸਰ 13 ਜਨਵਰੀ 2026- 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਅੱਜ SIT ਦੇ ਉੱਚ ਅਧਿਕਾਰੀ ਜਾਂਚ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਅਤੇ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਦਫ਼ਤਰਾਂ ਵਿੱਚ ਪਹੁੰਚੇ, ਜਿੱਥੇ ਇਸ ਪੂਰੇ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਹੋਰ ਅਹਿਮ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਜਾਂਚ ਟੀਮ ਵੱਲੋਂ ਇੱਕੋ ਸਮੇਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਦਫ਼ਤਰਾਂ ਵਿੱਚ ਦਸਤਕ ਦੇਣਾ ਇਹ ਦਰਸਾਉਂਦਾ ਹੈ ਕਿ ਪੁਲਿਸ ਇਸ ਮਾਮਲੇ ਦੀਆਂ ਬਰੀਕੀਆਂ ਨੂੰ ਜਲਦ ਫਰੋਲਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਇਸ ਜਾਂਚ ਵਿੱਚ SIT ਦਾ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਸੂਤਰਾਂ ਅਨੁਸਾਰ, SIT ਵੱਲੋਂ ਤਤਕਾਲੀ ਅਧਿਕਾਰੀਆਂ ਦੀਆਂ ਭੂਮਿਕਾਵਾਂ ਅਤੇ ਪਾਵਨ ਸਰੂਪਾਂ ਦੇ ਰਿਕਾਰਡ ਵਿੱਚ ਹੋਈ ਕਥਿਤ ਹੇਰਾਫੇਰੀ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਹ ਮਾਮਲਾ ਕਈ ਸਾਲ ਪਹਿਲਾਂ SGPC ਦੇ ਪ੍ਰਕਾਸ਼ਨ ਵਿਭਾਗ ਵਿੱਚੋਂ 328 ਪਾਵਨ ਸਰੂਪਾਂ ਨਾਲ ਮਾਮਲਾ ਜੁੜਿਆ ਹੋਇਆ ਹੈ। ਹਾਲ ਹੀ ਵਿੱਚ ਇਸ ਮਾਮਲੇ ਵਿੱਚ FIR ਦਰਜ ਹੋਣ ਅਤੇ ਦੋ ਮੁੱਖ ਮੁਲਜ਼ਮਾਂ (ਐੱਸ.ਐੱਸ. ਕੋਹਲੀ ਅਤੇ ਕਮਲਜੀਤ ਸਿੰਘ) ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ।