ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਸਫਲ ਉਪਰਾਲੇ
ਡਾਕਟਰ ਹਰਪ੍ਰੀਤ ਸਿੰਘ ਕੋਹਾਲੀ ਵਲੋਂ ਦੂਰਬੀਨ ਰਾਹੀਂ ਨੱਕ ਦਾ ਪਹਿਲਾ ਸਫਲ ਆਪ੍ਰੇਸ਼ਨ-ਪਿਛਲੇ 10 ਦਿਨਾਂ ਅੰਦਰ ਕੀਤੇ ਗਏ ਹਨ ਵੱਖ-ਵੱਖ ਆਪਰੇਸ਼ਨ
ਰੋਹਿਤ ਗੁਪਤਾ
ਬਟਾਲਾ, 13 ਜਨਵਰੀ
ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਹਲਕੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਮਾਤਾ ਸੁਲੱਖਣੀ ਸਿਵਲ ਹਸਪਤਾਲ ਵਿਖੇ ਸਫਲ ਉਪਰਾਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਹਸਪਤਾਲਾਂ ਵਿਚ ਮਰੀਜ਼ਾਂ ਲਈ ਵੱਡੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸਰਕਾਰੀ ਹਸਪਤਾਲਾਂ ਵਿਚ ਛੋਟੇ ਤੋਂ ਵੱਡੇ ਅਪਰੇਸ਼ਨ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ।
ਇਸੇ ਤਰ੍ਹਾਂ ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਿਖੇ ਡਾਕਟਰ ਵਿਖੇ ਐਸ.ਐਮ.ਓ. ਮਨਜਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਨੱਕ, ਕੰਨ ਤੇ ਗਲੇ ਦੇ ਮਾਹਿਰ ਡਾਕਟਰ ਹਰਪੀਤ ਸਿੰਘ ਕੁਹਾਲੀ ਵਲੋਂ ਪਿਛਲੇ 10 ਦਿਨਾਂ ਤੋਂ ਵੱਖ-ਵੱਖ ਤਰ੍ਹਾਂ ਅਪਰੇਸ਼ਨ ਕਰਕੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਡਾਕਟਰ ਹਰਪ੍ਰੀਤ ਸਿੰਘ ਕੋਹਾਲੀ ਨੇ ਦੱਸਿਆ ਕਿ ਭਾਰੀ ਠੰਡ ਹੋਣ ਕਾਰਨ ਲੋਕਾਂ ਨੂੰ ਨੱਕ ਤੇ ਗਲ ਦੀਆਂ ਬਿਮਾਰੀਆਂ ਨੇ ਜਕੜਿਆ ਹੋਇਆ ਹੈ, ਜਿਸ ਕਾਰਨ ਅਨੇਕਾਂ ਮਰੀਜ਼ ਰੋਜ਼ ਸਰਕਾਰੀ ਹਸਪਤਾਲ ਵਿਖੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਦੂਰਬੀਨ ਰਾਹੀਂ ਨੱਕ ਦੀ ਭਿਆਨਕ ਬਿਮਾਰੀ ਦਾ ਸਫਲ ਅਪਰੇਸ਼ਨ ਕਰ ਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ 42 ਸਾਲਾ ਸੰਦੀਪ ਕੁਮਾਰ ਵਾਸੀ ਬਟਾਲਾ ਮਰੀਜ਼ ਜੋ ਕਿ ਪਿਛਲੇ 5- 7 ਸਾਲ ਤੋਂ ਨੱਕ ਦੀ ਭਿਆਨਕ ਬਿਮਾਰੀ
ਨਾਲ ਜੂਝ ਰਹੇ ਸਨ। ਮਰੀਜ਼ ਦੇ ਕਰਵਾਏ ਟੈਸਟ ਮੁਤਾਬਕ ਨੱਕ ਦੀ ਹੱਡੀ ਵਿੰਗੀ ਸੀ ਅਤੇ ਨੱਕ ਵਿਚ ਮਾਸ ਵਧਣ ਦੇ ਨਾਲ-ਨਾਲ ਪੱਥਰੀ ਬਣੀ ਹੋਈ ਸੀ, ਜਿਸ ਨੂੰ ਨਿੱਜੀ ਡਾਕਟਰਾਂ ਨੇ 40 ਤੋਂ 50 ਹਜਾਰ ਰੁਪਏ ਦਾ ਖਰਚਾ ਦੱਸਿਆ ਸੀ, ਪਰ ਜਦੋਂ ਮਰੀਜ਼ ਸਾਡੇ ਕੋਲ ਆਇਆ ਤਾਂ ਉਸ ਨੂੰ ਸਰਕਾਰੀ ਫੀਸ 'ਤੇ ਦਾਖਲ ਕੀਤਾ ਤੇ ਉਸ ਦਾ ਇਕ ਦਿਨ ਵਿਚ ਹੀ ਸਫਲ ਅਪਰੇਸ਼ਨ ਕਰ ਕੇ ਮਰੀਜ਼ ਨੂੰ ਘਰ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿਚ ਖੱਜਲ ਹੋਣ ਦੀ ਲੋੜ ਨਹੀਂ ਹੈ।
ਦੱਸਣਯੋਗ ਹੈ ਕਿ ਵਿਧਾਇਕ ਸ਼ੈਰੀ ਕਲਸੀ ਦੀ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਿੱਚ ਮਰੀਜ਼ਾਂ ਨੂੰ ਵੱਧ ਤੋਂ ਵੱਧ ਹੋਰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਮਾਹਿਰ ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਬਟਾਲਾ ਵਾਸੀ ਦੂਰ ਢੁਰਾਢੇ ਜਾਣ ਦੀ ਬਜਾਇ ਬਟਾਲਾ ਤੋਂ ਹੀ ਆਪਣਾ ਇਲਾਜ ਕਰਵਾ ਸਕਣ। ਇਸ ਤਹਿਤ ਹੀ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਮਰੀਜ਼ਾਂ ਦੀ ਸਹੂਲਤ ਲਈ ਨੱਕ, ਕੰਨ ਤੇ ਗਲੇ ਦੇ ਮਾਹਿਰ ਡਾਕਟਰ ਹਰਪੀਤ ਸਿੰਘ ਕੁਹਾਲੀ ਵਲੋਂ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ।