ਸੁਪਰਮੂਨ: ਵੱਡਾ ਤੇ ਚਮਕਦਾ ਚੰਦਰਮਾ
2026 ਦੇ ਪਹਿਲਾ ‘ਸੁਪਰਮੂਨ’ ਨੇ ਅੱਜ ਰਾਤ ਨਿਊਜ਼ੀਲੈਂਡ ਦੇ ਅਸਮਾਨ ਨੂੰ ਲਿਸ਼ਕਾਇਆ-30% ਜਿਆਦਾ ਰੋਸ਼ਨੀ ਹੋਈ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 03 ਜਨਵਰੀ 2026:- 2026 ਦਾ ਪਹਿਲਾ ‘ਸੁਪਰਮੂਨ’ ਅੱਜ ਰਾਤ ਨਿਊਜ਼ੀਲੈਂਡ ਦੇ ਅਸਮਾਨ ’ਤੇ ਅਜਿਹਾ ਲਿਸ਼ਕਿਆ ਕਿ ਪੂਰਾ ਅਸਮਾਨ ਚਮਕਦਾਰ ਨਜ਼ਰ ਆਇਆ। ਅੱਜ ਰਾਤ ਚੰਦਰਮਾ ਆਮ ਨਾਲੋਂ 10% ਵੱਡਾ ਅਤੇ 30% ਜਿਆਦਾ ਚਮਕਦਾਰ ਸਨ। ਨਿਊਜ਼ੀਲੈਂਡ ਦੇ ਅਸਮਾਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਅੱਜ ਦੀ ਰਾਤ ਬਹੁਤ ਖ਼ਾਸ ਰਹੀ ਕਿਉਂਕਿ ਅਸਮਾਨ ਸਾਫ਼ ਰਿਹਾ। ਲੋਕਾਂ ਨੇ ਸਵਾ ਕੁ 9 ਵਜੇ ਹੀ ਵੇਖਣਾ ਸ਼ੁਰੂ ਕਰ ਦਿੱਤਾ ਸੀ। ਉਂਝ 9.40 ਦਾ ਸਮਾਂ ਦੱਸਿਆ ਗਿਆ ਸੀ।
ਸੁਪਰਮੂਨ ਕੀ ਹੁੰਦਾ ਹੈ? ਕੈਂਟਰਬਰੀ ਯੂਨੀਵਰਸਿਟੀ ਦੇ ਡਾਕਟਰ ਰਿਆਨ ਰਿਡਨ ਅਨੁਸਾਰ, ‘ਸੁਪਰਮੂਨ’ ਉਦੋਂ ਹੁੰਦਾ ਹੈ ਜਦੋਂ ਪੂਰਨਮਾਸ਼ੀ ਦਾ ਚੰਦਰਮਾ ਆਪਣੀ ਜਾਨਬ (orbit) ਵਿੱਚ ਧਰਤੀ ਦੇ ਸਭ ਤੋਂ ਨਜ਼ਦੀਕੀ ਬਿੰਦੂ ’ਤੇ ਹੁੰਦਾ ਹੈ। ਇਸ ਕਾਰਨ ਇਹ ਆਮ ਪੂਰਨਮਾਸ਼ੀ ਦੇ ਮੁਕਾਬਲੇ ਲਗਭਗ 10 ਫ਼ੀਸਦੀ ਵੱਡਾ ਅਤੇ 30 ਫ਼ੀਸਦੀ ਜ਼ਿਆਦਾ ਚਮਕਦਾਰ ਦਿਖਾਈ ਦਿੰਦਾ ਹੈ।
ਬ੍ਰਹਸਪਤੀ ਦੇ ਨੇੜੇ: ਇਸ ਸਮੇਂ ਚੰਦਰਮਾ ਬ੍ਰਹਸਪਤੀ ਗ੍ਰਹਿ ਦੇ ਕਾਫ਼ੀ ਨੇੜੇ ਹੁੰਦਾ ਹੈ। ਜਦੋਂ ਤੁਸੀਂ ਸੁਪਰਮੂਨ ਵੱਲ ਦੇਖੋਗੇ, ਤਾਂ ਉਸਦੇ ਦੱਖਣ ਵੱਲ ਚਮਕਦਾ ਹੋਇਆ ਤਾਰਾ ਅਸਲ ਵਿੱਚ ਬ੍ਰਹਸਪਤੀ ਗ੍ਰਹਿ ਹੋਵੇਗਾ।