ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੋਡਾ ਬਦਲਣ ਦਾ ਰਿਆਇਤੀ ਮੈਗਾ ਕੈਂਪ
ਬੰਗਾ 03 ਜਨਵਰੀ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋਕ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਖਰਾਬ ਗੋਡਾ ਬਦਲਣ ਦਾ 01 ਜਨਵਰੀ ਤੋਂ 31 ਜਨਵਰੀ 2026 ਤੱਕ ਚੱਲਣ ਵਾਲਾ ਇੱਕ ਮਹੀਨੇ ਦਾ ਮੈਗਾ ਕੈਂਪ ਆਰੰਭ ਹੋ ਗਿਆ ਹੈ । ਕੈਂਪ ਦੀ ਆਰੰਭਤਾ ਮੌਕੇ 118 ਮਰੀਜ਼ਾਂ ਨੇ ਆਪਣਾ ਚੈੱਕਅੱਪ ਕਰਵਾਇਆ ਅਤੇ ਗੋਡਾ ਬਦਲਣ ਸਬੰਧੀ ਡਾਕਟਰ ਸਾਹਿਬ ਨਾਲ ਸਲਾਹ-ਮਸ਼ਵਰਾ ਕੀਤਾ । ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਗੱਲਬਾਤ ਕਰਦੇ ਦੱਸਿਆ ਕਿ ਇਲਾਕੇ ਦੇ ਲੋੜਵੰਦਾਂ ਦੀ ਮਦਦ ਕਰਨ ਹਿੱਤ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਸਾਲ 2026 ਦੀ ਖੁਸ਼ੀ ਵਿਚ ਹਸਪਤਾਲ ਦੇ ਹੱਡੀਆਂ ਦੇ ਵਿਭਾਗ ਵਿਚ ਇੱਕ ਮਹੀਨੇ ਦਾ ਮੈਗਾ ਕੈਂਪ ਲਗਾਇਆ ਗਿਆ ਹੈ । ਹਸਪਤਾਲ ਦੇ ਖਰਾਬ ਗੋਡੇ ਬਦਲਣ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਮ. ਐਸ. (ਆਰਥੋ) ਦੀ ਅਗਵਾਈ ਹੇਠ ਇਹ ਮੈਗਾ ਕੈਂਪ 1 ਜਨਵਰੀ 2026 ਤੋਂ ਆਰੰਭ ਕੀਤਾ ਗਿਆ ਹੈ ਜੋ ਕਿ 31 ਜਨਵਰੀ 2026 ਤੱਕ ਲਗਾਤਾਰ ਇੱਕ ਮਹੀਨਾ ਚੱਲੇਗਾ । ਇਸ ਕੈਂਪ ਵਿਚ ਰਜਿਸਟਰ ਹੋਏ ਮਰੀਜ਼ਾਂ ਦਾ ਖਰਾਬ ਗੋਡਾ ਸਿਰਫ ਇੱਕ ਲੱਖ ਰੁਪਏ ਦੇ ਪੈਕਜ ਵਿਚ ਬਦਲੀ ਕੀਤਾ ਜਾਵੇਗਾ । ਗੋਡਾ ਬਦਲਣ ਦੇ ਇਸ ਪੈਕਜ ਵਿਚ ਇੰਪੋਰਟਡ ਇੰਪਲਾਂਟ, ਦਵਾਈਆਂ, ਅਪਰੇਸ਼ਨ ਅਤੇ ਹਸਪਤਾਲ ਵਿਖੇ ਦਾਖਲ ਰਹਿਣ ਦਾ ਖਰਚ ਸ਼ਾਮਿਲ ਹੈ । ਉਹਨਾਂ ਨੇ ਇਲਾਕੇ ਦੇ ਗੋਡਿਆਂ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਨੂੰ ਇਸ ਵਿਸ਼ੇਸ਼ ਰਿਆਇਤੀ ਦਰਾਂ ਵਾਲੇ ਮੈਗਾ ਕੈਂਪ ਦਾ ਲਾਭ ਲੈਣ ਦੀ ਭਰਵੀਂ ਅਪੀਲ ਕੀਤੀ ਹੈ । ਇਸ ਮੌਕੇ ਡਾ. ਬਲਵਿੰਦਰ ਸਿੰਘ ਡੀ ਐਮ ਐਸ, ਡਾ. ਪਰਮਿੰਦਰ ਸਿੰਘ ਵਾਰੀਆ ਗੋਡੇ ਅਤੇ ਚੂਲੇ ਦੇ ਜੋੜ ਬਦਲਣ ਦੇ ਮਾਹਿਰ, ਸ. ਵਰਿੰਦਰ ਸਿੰਘ ਬਰਾੜ ਐਚ. ਆਰ. ਐਡਮਿਨ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ ।