ਇਨਕਲਾਬੀ ਕੇਂਦਰ ਅਤੇ ਲੋਕ ਮੋਰਚਾ ਵੱਲੋਂ ਨਿੱਜੀਕਰਨ ਦੇ ਖ਼ਿਲਾਫ਼ ਕਨਵੈਨਸ਼ਨ ਅਤੇ ਮੁਜ਼ਾਹਰਾ
ਅਸ਼ੋਕ ਵਰਮਾ
ਬੁਢਲਾਡਾ, 22 ਦਸੰਬਰ 2025 :ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਲਿਆਂਦਾ ਬਿਜਲੀ (ਸੋਧ) ਬਿੱਲ 2025 ਬਿਜਲੀ ਵੰਡ ਖੇਤਰ ਵਿੱਚ ਸਾਮਰਾਜੀ ਨਿਰਦੇਸ਼ਿਤ ਨਿੱਜੀਕਰਨ ਦੀ ਨੀਤੀ ਦੇ ਹਮਲੇ ਨੂੰ ਅੱਗੇ ਵਧਾਉਣ ਖਿਲਾਫ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਬੁਢਲਾਡਾ ਵਿਖੇ ਕਨਵੈਨਸ਼ਨ ਤੇ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਬੀਕੇਯੂ ਏਕਤਾ-ਡਕੌਂਦਾ ਦੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਲੋਕ ਮੋਰਚਾ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬਠਿੰਡਾ ਨੇ ਕਿਹਾ ਹੈ ਕਿ ਇਹ ਬਿਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 2003 ਵਿੱਚ ਬਣਾਏ ਬਿਜਲੀ ਕਾਨੂੰਨ ਨੂੰ ਹੋਰ ਸੋਧ ਕੇ ਬਿਜਲੀ ਵੰਡ ਦੇ ਖੇਤਰ ਵਿੱਚ ਦੇਸੀ ਵਿਦੇਸ਼ੀ ਨਿੱਜੀ ਬਿਜਲੀ ਵਪਾਰੀਆਂ ਦੇ ਖੁੱਲ੍ਹੇ ਦਾਖ਼ਲੇ ਲਈ ਕਾਨੂੰਨ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਅਰਥ, ਕੰਪਨੀਆਂ ਦੇ ਮੁਨਾਫ਼ੇ ਵਧਣਗੇ ਅਤੇ ਲੋਕਾਂ ਦੀ ਲੁੱਟ ਤੇਜ਼ ਹੋਵੇਗੀ। ਬਿਜਲੀ ਪੈਦਾਵਾਰ ਦੇ ਖੇਤਰ ਅੰਦਰ ਪਹਿਲਾਂ ਹੀ ਨਿੱਜੀਕਰਨ ਦਾ ਦੈਂਤ ਦਨਦਨਾ ਰਿਹਾ ਹੈ ਹੁਣ ਵੰਡ ਖੇਤਰ ਵਿੱਚ ਵੀ ਪ੍ਰਾਈਵੇਟ ਕੰਪਨੀਆਂ ਦੇ ਹੱਥ ਹੋਵੇਗਾ। ਬਿਜਲੀ ਦੇ ਰੇਟ ਵੀ ਉਹਨਾਂ ਦੀ ਮਰਜ਼ੀ ਦੇ ਹੋਣਗੇ। ਬਿਜਲੀ ਕਿਸ ਨੂੰ ਦੇਣੀ ਹੈ ਜਾਂ ਕਿਸ ਨੂੰ ਨਹੀਂ ਦੇਣੀ, ਇਸ ਦੀ ਚੋਣ ਉਹਨਾਂ ਨੂੰ ਆਪਣੇ ਮੁਨਾਫ਼ਿਆਂ ਵਿੱਚ ਵਾਧੇ ਨੂੰ ਮੂਹਰੇ ਰੱਖ ਕੇ ਕਰਨ ਦਾ ਹੱਕ ਹੋਵੇਗਾ। ਰੇਟ ਮਿਥਣ ਲਈ ਵਰਤੀ ਜਾਂਦੀ ਕਰਾਸ ਸਬਸਿਡੀ ਬੰਦ ਹੋਵੇਗੀ। ਫਰੀ ਬਿਜਲੀ ਦੇਣ ਦੀ ਨੀਤੀ ਰੱਦ ਕੀਤੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਅਜਿਹਾ ਬਿੱਲ, ਪਹਿਲਾਂ 2020 ਵਿੱਚ ਵੀ ਲਿਆਂਦਾ ਗਿਆ ਸੀ ਪਰ ਉਸ ਵੇਲੇ ਦਿੱਲੀ ਦੇ ਬਾਰਡਰਾਂ 'ਤੇ ਮੋਰਚੇ ਲਾਈ ਬੈਠੇ ਕਿਸਾਨ ਸੰਘਰਸ਼ ਨੇ ਥਾਏਂ ਨੱਪ ਦਿੱਤਾ ਸੀ। ਇਸੇ ਹੀ ਤਰ੍ਹਾਂ ਪਬਲਿਕ ਟਰਾਂਸਪੋਰਟ, ਸਿਹਤ, ਸਿੱਖਿਆ, ਰੇਲਵੇ, ਬੈਂਕ, ਬੀਮਾ ਸਮੇਤ ਜਲ ਜੰਗਲ਼ ਅਤੇ ਜ਼ਮੀਨ ਨੂੰ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਤਹਿਤ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਲਾਗੂ ਕੀਤੀ ਜਾ ਰਹੀ ਲੋਕ ਵਿਰੋਧੀ ਦੇਸੀ ਬਦੇਸ਼ੀ ਕੰਪਨੀਆਂ ਪੱਖੀ ਨੀਤੀ ਤਹਿਤ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ। ਸਾਂਝੇ ਤਰਥੱਲ ਪਾਊ ਸੰਘਰਸ਼ਾਂ ਨਾਲ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਏ, ਲੈਂਡ ਪੂਲਿੰਗ ਪਾਲਿਸੀ ਰੱਦ ਕਰਵਾਈ, ਮਹਿਲਕਲਾਂ ਲੋਕ ਘੋਲ ਦੇ ਅਹਿਮ ਲੋਕ ਆਗੂ ਦੀ ਸਜ਼ਾ ਰੱਦ ਕਰਵਾਕੇ ਨਵਾਂ ਇਤਿਹਾਸ ਰੱਦ ਕਰਵਾਇਆ ਹੈ।
ਬੁਲਾਰਿਆਂ ਨੇ ਨਿੱਜੀਕਰਨ ਦੀ ਨੀਤੀ ਮੁਕੰਮਲ ਤੌਰ ਉੱਤੇ ਰੱਦ ਕਰਨ, ਨਿੱਜੀਕਰਨ ਕੀਤੇ ਗਏ ਅਦਾਰਿਆਂ ਨੂੰ ਮੁੜ ਸਰਕਾਰੀ ਕੰਟਰੋਲ ਹੇਠ ਲੈਣ, ਸਾਮਰਾਜੀ ਅਤੇ ਭਾਰਤੀ ਵੱਡੇ ਕਾਰਪੋਰੇਟਾਂ ਦੀਆਂ ਕੰਪਨੀਆਂ ਨੂੰ ਲੁੱਟ ਦੀਆਂ ਖੁੱਲ੍ਹਾਂ ਦੇਣੀਆਂ ਬੰਦ ਕਰਨ, ਭਾਰਤੀ ਮੰਡੀ ਅਤੇ ਚੁਗਿਰਦੇ ਅੰਦਰ ਇਹਨਾਂ ਦਾ ਦਾਖ਼ਲਾ ਬੰਦ ਕਰਨ, ਲੋਕਾਂ ਦੀ ਲੁੱਟ ਦੇ ਸਿਰ ਤੇ ਇਕੱਠੀ ਕੀਤੀ ਇਹਨਾਂ ਦੀ ਪੂੰਜੀ ਜਬਤ ਕਰਨ, ਵੱਡੇ ਧਨਾਢਾਂ, ਕਾਰਪੋਰੇਟਾਂ ਅਤੇ ਵੱਡੇ ਭੋਂ ਮਾਲਕਾਂ ਉੱਤੇ ਭਾਰੀ ਟੈਕਸ ਲਾ ਕੇ ਸਰਕਾਰੀ ਅਦਾਰਿਆਂ ਲਈ ਪੂੰਜੀ ਜੁਟਾਉਣ, ਵੱਡੇ ਕਾਰਪੋਰੇਟਾਂ ਨੂੰ ਦਿੱਤੀਆਂ ਜਾਂਦੀਆਂ ਸਭ ਰਿਆਇਤਾਂ/ਛੋਟਾਂ ਰੱਦ ਕਰਕੇ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ, ਭਾਰਤ ਅਮਰੀਕਾ ਵਪਾਰ ਵਾਰਤਾ ਬੰਦ ਕਰੋ। ਸਾਮਰਾਜੀਆਂ ਨਾਲ ਕੀਤੇ ਸਭ ਸਮਝੌਤੇ ਸੰਧੀਆਂ ਰੱਦ ਕਰਨ ਦੀ ਮੰਗ ਕਰਦਿਆਂ ਦੋਵਾਂ ਜਥੇਬੰਦੀਆਂ ਨੇ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਨਵਾਂ ਸਮਾਜ ਸਿਰਜਣ ਲਈ ਸੰਘਰਸ਼ ਵਾਸਤੇ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਸਟੇਜ ਸੰਚਾਲਨ ਸੁਖਵਿੰਦਰ ਸਿੰਘ ਬਠਿੰਡਾ ਨੇ ਕੀਤਾ ਜਦੋਂ ਕਿ ਧੰਨਵਾਦ ਦੇ ਸ਼ਬਦ ਤਾਰਾ ਚੰਦ ਬਰੇਟਾ ਨੇ ਕਹੇ।