ਜਿਲ੍ਹੇ ’ਚ ਨਾਮਜ਼ਦਗੀਆਂ ਦੀ ਪੜਤਾਲ : ਜਿਲ੍ਹਾ ਪ੍ਰੀਸ਼ਦ ਲਈ 48 ਅਤੇ ਬਲਾਕ ਸੰਮਤੀਆਂ ਲਈ 305 ਨਾਮਜ਼ਦਗੀਆਂ ਯੋਗ ਪਾਈਆਂ
6 ਦਸੰਬਰ ਨੂੰ ਵਾਪਸ ਲਏ ਜਾ ਸਕਣਗੇ ਕਾਗਜ, 14 ਨੂੰ ਪੈਣਗੀਆਂ ਵੋਟਾਂ ਅਤੇ 17 ਦਸੰਬਰ ਨੂੰ ਹੋਵੇਗੀ ਗਿਣਤੀ
14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 5 ਦਸੰਬਰ 2025
ਜ਼ਿਲੇ ਵਿਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਪ੍ਰਾਪਤ ਨਾਮਜ਼ਦਗੀਆਂ ਦੀ ਅੱਜ ਹੋਈ ਪੜਤਾਲ ਉਪਰੰਤ ਜਿਲ੍ਹਾ ਪ੍ਰੀਸ਼ਦ ਲਈ 48 ਅਤੇ ਬਲਾਕ ਸੰਮਤੀ ਲਈ 305 ਨਾਮਜਦਗੀਆਂ ਯੋਗ ਪਾਈਆਂ ਗਈਆਂ।
ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ)-ਕਮ-ਵਧੀਕ ਜਿਲ੍ਹਾ ਚੋਣ ਅਫਸਰ ਅਵਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਲਈ ਵੀਰਵਾਰ ਸ਼ਾਮ ਤੱਕ 49 ਅਤੇ ਬਲਾਕ ਸੰਮਤੀ ਲਈ 309 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ ਜਿਨ੍ਹਾਂ ਦੀ ਅੱਜ ਪੜਤਾਲ ਦੌਰਾਨ ਜਿਲ੍ਹਾ ਪ੍ਰੀਸ਼ਦ ਲਈ 48 ਅਤੇ ਬਲਾਕ ਸੰਮਤੀ ਲਈ 305 ਨਾਮਜਦਗੀਆਂ ਯੋਗ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ 10 ਅਤੇ ਪੰਚਾਇਤ ਸੰਮਤੀਆਂ ਲਈ 82 ਜ਼ੋਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ, 462 ਪੋਲਿੰਗ ਸਟੇਸ਼ਨ, 633 ਪੋਲਿੰਗ ਬੂਥ ਅਤੇ 417240 ਵੋਟਰ ਹਨ । ਜਿਲ੍ਹਾ ਪ੍ਰੀਸ਼ਦ ਲਈ ਬਣਾਏ ਜੌਨਾਂ ਬਾਰੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵਾਂਸ਼ਹਿਰ ਵਿੱਚ 3 ਜੋਨ ਬਣਾਏ ਗਏ ਹਨ ਜਦਕਿ 1 ਜੋਨ ਸੜੋਆ, 2 ਬਲਾਚੌਰ ਅਤੇ ਬੰਗਾ ਲਈ 4 ਜੋਨ ਬਣਾਏ ਗਏ ਹਨ। ਇਸੇ ਤਰ੍ਹਾਂ ਬਲਾਕ ਸੰਮਤੀਆਂ ਲਈ ਬੰਗਾ ਅਤੇ ਨਵਾਂਸ਼ਹਿਰ ਵਿੱਚ 25-25, ਬਲਾਚੌਰ ’ਚ 17 ਅਤੇ ਸੜੋਆ ਵਿੱਚ 15 ਜ਼ੋਨ ਬਣਾਏ ਗਏ ਹਨ।
ਵਧੀਕ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਿਰਪੱਖ, ਆਜ਼ਾਦਾਨਾ ਅਤੇ ਸੁਚੱਜੇ ਢੰਗ ਨਾਲ ਚੋਣ ਪ੍ਰਕੀਰਿਆ ਮੁਕੰਮਲ ਕਰਨ ਲਈ ਲੋੜੀਂਦੇ ਇੰਤਜ਼ਾਮ ਅਮਲ ਵਿੱਚ ਲਿਆਂਦੇ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਚੋਣ ਅਮਲੇ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਸਮੁੱਚੀ ਪ੍ਰਕਿਰਿਆ ਬਿਨਾਂ ਕਿਸੇ ਅੜਚਨ ਦੇ ਮੁਕੰਮਲ ਹੋ ਸਕੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ ਹਨ ਜਿਨ੍ਹਾਂ ਵਿੱਚ 132 ਨਵਾਂਸ਼ਹਿਰ, 71 ਸੜੋਆ, 131 ਬਲਾਚੌਰ ਅਤੇ 132 ਬੰਗਾ ਵਿੱਚ ਪੈਂਦੀਆਂ ਹਨ। ਇਸੇ ਤਰ੍ਹਾਂ ਜਿਲ੍ਹੇ ਵਿੱਚ ਕੁੱਲ 633 ਪੋਲਿੰਗ ਬੂਥਾਂ ਵਿੱਚ ਨਵਾਂਸ਼ਹਿਰ ਅੰਦਰ 189, ਸੜੋਆ ਵਿੱਚ 89, ਬਲਾਚੌਰ ਵਿੱਚ 148 ਅਤੇ ਬੰਗਾ ਵਿੱਚ 207 ਪੋਲਿੰਗ ਬੂਥ ਸਾਮਲ ਹਨ। ਇਨ੍ਹਾਂ ਚੋਣਾਂ ਲਈ ਕੁੱਲ ਪੁਰਸ਼ ਵੋਟਰਾਂ ਦੀ ਗਿਣਤੀ 216395 ਅਤੇ ਮਹਿਲਾ ਵੋਟਰਾਂ ਦੀ ਗਿਣਤੀ 200836 ਜਦਕਿ 9 ਵੋਟਰ ਥਰਡ ਜੈਂਡਰ ਸ਼ਾਮਲ ਹਨ। ਜਿਲ੍ਹੇ ਵਿੱਚ ਕੁੱਲ 216395 ਪੁਰਸ਼ ਵੋਟਰਾਂ ਦੀ ਗਿਣਤੀ ਵਿੱਚ ਨਵਾਂਸ਼ਹਿਰ ਵਿੱਚ 66611, ਸੜੋਆ ਵਿੱਚ 29518, ਬਲਾਚੌਰ ਵਿੱਚ 42800 ਅਤੇ ਬੰਗਾ ਵਿੱਚ 77466 ਵੋਟਰ ਸ਼ਾਮਲ ਹਨ ਜਦਕਿ ਮਹਿਲਾ ਵੋਟਰਾਂ ਵਿੱਚ ਨਵਾਂਸ਼ਹਿਰ ਵਿੱਚ 63013, ਸੜੋਆ ਵਿੱਚ 27193, ਬਲਾਚੌਰ ਵਿੱਚ 38414 ਅਤੇ ਬੰਗਾ ਵਿੱਚ 72216 ਵੋਟਰ ਸ਼ਾਮਲ ਹਨ।
ਅਵਨੀਤ ਕੌਰ ਨੇ ਦੱਸਿਆ ਕਿ 6 ਦਸੰਬਰ ਨੂੰ ਕਾਗਜ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜੇ 17 ਦਸੰਬਰ ਨੂੰ ਆਉਣਗੇ।