ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜਨ ਸਮੇਤ ਵੱਖ-ਵੱਖ ਸੰਘਰਸ਼ਾਂ ਦਾ ਐਲਾਨ
ਅਸ਼ੋਕ
ਲੁਧਿਆਣਾ, 28 ਨਵੰਬਰ 2025 :ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਦੇ ਹਿੱਤ ਵਿੱਚ ਦੇਸ਼ ਦੇ ਖੇਤੀ ਖੇਤਰ ਅਤੇ ਮਿਹਨਤਕਸ਼ ਲੋਕਾਂ ਵਿਰੁੱਧ ਕੀਤੇ ਜਾ ਰਹੇ ਨਿੱਤ ਨਵੇਂ ਹਮਲਿਆਂ ਦੀ ਕੜੀ ਵਜੋਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਪੇਸ਼ ਕਰਨ ਲਈ ਕੀਤੀ ਜਾ ਰਹੀ ਵਿਉਂਤਬੰਦੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੀ ਵਿਸ਼ੇਸ਼ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਡਾ ਦਰਸ਼ਨਪਾਲ,ਨਿਰਭੈ ਸਿੰਘ ਢੁੱਡੀਕੇ ਅਤੇ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਦੋਵੇਂ ਬਿੱਲ ਰੱਦ ਕਰਵਾਉਣ ਲਈ ਜ਼ੋਰਦਾਰ ਜਨਤਕ ਦੀ ਮੁਹਿੰਮ ਹੋਰ ਭਖਾਈ ਜਾਵੇਗੀ।
ਇਸ ਖਿਲਾਫ਼ ਅਗਲੇ ਐਕਸ਼ਨ ਪ੍ਰੋਗਰਾਮ ਵਜੋਂ ਸੂਬੇ ਭਰ ਵਿੱਚ 8 ਦਸੰਬਰ ਨੂੰ ਪੀ ਐੱਸ ਪੀ ਸੀ ਐੱਲ/ਬਿਜਲੀ ਮਹਿਕਮੇ ਦੀਆਂ ਸਾਰੀਆਂ ਸਬ ਡਿਵੀਜਨਾਂ ਉਪਰ 12 ਤੋਂ 3 ਵਜੇ ਤੱਕ ਵੱਡੇ ਰੋਸ ਪ੍ਰਦਰਸ਼ਨ ਕਰਕੇ ਦੋਵੇਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਪ੍ਰੋਗਰਾਮ ਦੀ ਸਫਲਤਾਂ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ 2 ਦਸੰਬਰ ਨੂੰ ਜ਼ਿਲਿਆਂ ਵਿੱਚ ਸਾਂਝੀਆਂ ਮੀਟਿੰਗਾਂ ਕਰਕੇ ਜ਼ਿਲਾ ਪੱਧਰੀ ਯੋਜਨਾਬੰਦੀ ਕੀਤੀ ਜਾਵੇਗੀ। ਸੂਬੇ ਦੇ ਲੋਕਾਂ ਨੂੰ ਇਨ੍ਹਾਂ ਦੋਵੇਂ ਬਿੱਲਾਂ ਦੇ ਲੋਕ ਵਿਰੋਧੀ ਕਿਰਦਾਰ ਦਾ ਖਾਸਾ ਬਿਆਨ ਕਰਨ ਲਈ ਵੱਡੀ ਪੱਧਰ ਤੇ ਦੋਵਰਕੀ ਛਾਪ ਕੇ ਵੰਡਣ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਨੇ ਸਰਬਸੰਮਤੀ ਨਾਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮਿੱਥੀ ਸਮਾਂ ਸੀਮਾ ਦੇ ਅੰਦਰ ਅੰਦਰ ਖੇਤੀ ਅਤੇ ਲੋਕ ਵਿਰੋਧੀ ਇਨ੍ਹਾਂ ਦੋਵੇਂ ਬਿੱਲਾਂ ਨੂੰ ਰੱਦ ਕਰਨ ਸਬੰਧੀ ਕੇਂਦਰ ਸਰਕਾਰ ਨੂੰ ਸਪੱਸ਼ਟ ਤੌਰ ਤੇ ਲਿਖ ਕੇ ਭੇਜੇ।
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਬਿਜਲੀ ਮਹਿਕਮੇ ਦੀਆਂ ਜੱਥੇਬੰਦੀਆਂ ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਅਤੇ ਟੀ ਐਸ ਯੂ ਭੰਗਲ ਗਰੁੱਪ ਨਾਲ ਵੀ ਮੀਟਿੰਗ ਕੀਤੀ ਅਤੇ ਭਵਿੱਖ ਵਿੱਚ ਸੰਘਰਸ਼ ਨੂੰ ਤਾਲਮੇਲਵੇ ਢੰਗ ਨਾਲ ਚਲਾਉਣ ਸਬੰਧੀ ਡੂੰਘੀ ਵਿਚਾਰ ਚਰਚਾ ਵੀ ਕੀਤੀ।ਇਸ ਮੀਟਿੰਗ ਵਿੱਚ ਇੱਕ ਦੂਜੇ ਦੇ ਐਕਸ਼ਨ ਪ੍ਰੋਗਰਾਮਾਂ ਵਿੱਚ ਹਮਾਇਤ ਵਜੋਂ ਸ਼ਮੂਲੀਅਤ ਕਰਨ ਸਬੰਧੀ ਫੈਸਲਾ ਕੀਤਾ ਗਿਆ। ਬਿਜਲੀ ਮਹਿਕਮੇ ਦੀਆਂ ਜੱਥੇਬੰਦੀਆਂ ਨੇ 8 ਦਸੰਬਰ ਦੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰੋਗਰਾਮ ਦੀ ਹਮਾਇਤ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਗਿਆ।
ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੀਆਂ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਨਾਲ ਵੀ ਤਾਲਮੇਲ ਬਿਠਾਉਣ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਜਲਦੀ ਹੀ ਮੀਟਿੰਗ ਬੁਲਾ ਕੇ ਫੈਸਲਾ ਕੀਤਾ ਜਾਵੇਗਾ। ਮੀਟਿੰਗ ਨੇ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਨੂੰ ਵੀ 8 ਦਸੰਬਰ ਦੇ ਪ੍ਰੋਗਰਾਮ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਹੈ।
ਮੀਟਿੰਗ ਨੇ ਅੱਜ ਪੰਜਾਬ ਭਰ ਵਿੱਚ ਆਪਣੀਆਂ ਮੰਗਾ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਉਪਰ ਸਰਕਾਰ ਵੱਲੋਂ ਕੀਤੇ ਗਏ ਪੁਲਿਸ ਜਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਕਰਦਿਆਂ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਗਏ ਮੁਲਾਜ਼ਮਾਂ ਅਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੀਆਂ ਮੰਗਾ ਤੁਰੰਤ ਪੂਰੀਆਂ ਕੀਤੀਆਂ ਜਾਣ। ਮੀਟਿੰਗ ਨੇ ਪੰਜਾਬ ਸਰਕਾਰ ਚਿਤਾਵਨੀ ਦਿੱਤੀ ਕਿ ਸੰਘਰਸ਼ਾਂ ਨੂੰ ਜਬਰ ਨਾਲ ਦਬਾਉਣਾ ਬੰਦ ਕੀਤਾ ਜਾਵੇ |
ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਬਹਾਲ ਹੋਣ ਤੇ ਸੰਘਰਸ਼ਸ਼ੀਲ ਵਿਦਿਆਰਥੀਆਂ ਅਤੇ ਆਗੂਆਂ ਨੂੰ ਮੁਬਾਰਕਬਾਦ ਵੀ ਦਿੱਤੀ।
ਇਸ ਮੌਕੇ ਮੀਟਿੰਗ ਵਿੱਚ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ ਮੁਕੇਸ਼ ਚੰਦਰ ਸ਼ਰਮਾ, ਅਵਤਾਰ ਸਿੰਘ ਮੇਹਲੋ,ਬਲਜੀਤ ਸਿੰਘ ਗਰੇਵਾਲ,ਬਿੰਦਰ ਸਿੰਘ ਗੋਲੇਵਾਲਾ, ਬਲਦੇਵ ਸਿੰਘ ਨਿਹਾਲਗੜ੍ਹ, ਡਾ ਸਤਨਾਮ ਸਿੰਘ ਅਜਨਾਲਾ,ਰੁਲਦੂ ਸਿੰਘ ਮਾਨਸਾ,ਭੁਪਿੰਦਰ ਸਿੰਘ ਔਲਖ ਬਖਤੌਰ ਸਿੰਘ ਅਤੇ ਮਨੋਹਰ ਸਿੰਘ ਆਦਿ ਆਗੂ ਹਾਜਰ ਸਨ।