ਗਊ ਭਲਾਈ ਕਮਿਸ਼ਨ ਦੇ ਸਹਿਯੋਗ ਨਾਲ ਸੰਗਤ ਮੰਡੀ ਦੀ ਗਊਸ਼ਾਲਾ ਵਿਖੇ ਲਾਇਆ ਗਊ ਭਲਾਈ ਕੈਂਪ
ਅਸ਼ੋਕ ਵਰਮਾ
ਬਠਿੰਡਾ, 28 ਨਵੰਬਰ 2025 : ਪੰਜਾਬ ਗਊ ਸੇਵਾ ਕਮਿਸ਼ਨ ਦੇ ਸਹਿਯੋਗ ਨਾਲ ਪਸ਼ੂ ਪਾਲਣ ਵਿਭਾਗ, ਬਠਿੰਡਾ ਦੁਆਰਾ ਪੰਚਾਇਤੀ ਗਊਸ਼ਾਲਾ, ਸੰਗਤ ਮੰਡੀ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਗਊਸ਼ਾਲਾ ਵਿੱਚ ਮੌਜੂਦ ਬਿਮਾਰ, ਅਪਾਹਜ ਅਤੇ ਬੇਸਹਾਰਾ ਗੋਕਿਆਂ ਦੇ ਇਲਾਜ਼ ਅਤੇ ਰੱਖ-ਰਖਾਵ ਲਈ ਵਿਭਾਗ ਵੱਲੋਂ 25 ਹਜ਼ਾਰ ਰੁਪਏ ਦੀਆਂ ਜ਼ਰੂਰੀ ਦਵਾਈਆਂ ਫੀਡ, ਸਪਲੀਮੈਂਟ, ਕੈਲਸ਼ੀਅਮ, ਲਿਵਰ ਟਾਨਿਕ, ਮਿਨਰਲ ਮਿਕਸਚਰ ਮੁਫ਼ਤ ਪ੍ਰਦਾਨ ਕਰਦੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਠਿੰਡਾ ਡਾ. ਵਿਵੇਕ ਕੁਮਾਰ ਮਲਹੋਤਰਾ ਦੀ ਟੀਮ ਵੱਲੋਂ ਗਊਧੰਨ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਬੇਸਹਾਰਾ ਗਊਧੰਨ ਦੇ ਇਲਾਜ ਅਤੇ ਰੱਖ-ਰਖਾਵ ਲਈ ਵਿਭਾਗ ਵਲੋਂ ਹਰੇਕ ਸੰਭਵ ਉਪਰਾਲਾ ਕਰਨ ਦਾ ਭਰੋਸਾ ਦਿਵਾਇਆ।
ਕੈਂਪ ਵਿੱਚ ਬਠਿੰਡਾ ਤਹਿਸੀਲ ਦੇ ਸੀਨੀਅਰ ਵੈਟਨਰੀ ਅਫ਼ਸਰ, ਡਾ. ਦਲਜੀਤ ਸਿੰਘ ਧਾਮੀ ਵਲੋਂ ਸਰਦੀ ਦੇ ਮੌਸਮ ਵਿੱਚ ਗਊ ਧੰਨ ਦੀ ਸਿਹਤ ਸੰਭਾਲ ਤੇ ਪਸ਼ੂ ਪਾਲਣ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਵੈਕਸੀਨੇਸ਼ਨ, ਟੀਕਾਕਰਨ ਸਮੇਂ-ਸਿਰ ਕਰਵਾਉਣ, ਗਊਸ਼ਾਲਾ ਵਿੱਚ ਸਾਫ਼-ਸਫਾਈ ਰੱਖਣ, ਗਾਂਵਾਂ ਨੂੰ ਚਿਚੜ ਰਹਿਤ, ਮਲੱਪ ਰਹਿਤ ਕਰਨ ਆਦਿ ਬਾਰੇ ਵੱਢਮੁਲੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਠਿੰਡਾ ਡਾ. ਵਿਵੇਕ ਕੁਮਾਰ ਮਲਹੋਤਰਾ ਨੇ ਕੈਂਪ ਵਿੱਚ ਸ਼ਾਮਿਲ ਹੋਏ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ ਸਬਸਿਡੀ ਦਰਾਂ ਤੇ ਸੈਕਸਡ ਸੀਮਨ ਦੀ ਜ਼ਿਲ੍ਹੇ ਦੀ ਹਰੇਕ ਪਸ਼ੂ ਸੰਸਥਾ ਵਿੱਚ ਉਪਲਬਧ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਕਸਡ ਸੀਮਨ ਨਾਲ ਗਾਂਵਾ ਅਤੇ ਮੱਝਾਂ ਵਿੱਚ 90 ਫੀਸਦੀ ਉੱਚ ਕੁਵਾਲਟੀ ਦੀਆਂ ਵੱਛੀਆਂ ਅਤੇ ਕੱਟੀਆਂ ਹੀ ਪੈਦਾ ਹੁੰਦੀਆਂ ਹਨ।
ਕੈਂਪ ਦੇ ਅਖੀਰ ਵਿੱਚ ਗਊਸ਼ਾਲਾ ਪ੍ਰਬੰਧਕਾਂ ਨੇ ਪਸ਼ੂ ਪਾਲਣ ਵਿਭਾਗ, ਬਠਿੰਡਾ ਵਲੋਂ ਬੇਸਹਾਰਾ ਗਊ ਧੰਨ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆ ਧੰਨਵਾਦ ਕੀਤਾ।
ਇਸ ਕੈਂਪ ਦੌਰਾਨ ਸਹਾਇਕ ਨਿਰਦੇਸ਼ਕ ਡਾ. ਵਿਜੈ ਕੁਮਾਰ, ਡਾ. ਅਮਿਤ ਜਿੰਦਲ, ਡਾ. ਗਗਨਦੀਪ ਸਿੰਘ, ਰਿੰਪੀ ਚਰਨਜੀਤ ਸਿੰਘ, ਪ੍ਰਧਾਨ ਗੁਰਚਰਨ ਦਾਸ ਮਨੀਸ਼, ਖਜਾਨਚੀ ਸੁਰਿੰਦਰ ਕੁਮਾਰ, ਸੈਕਟਰੀ ਪਵਨ ਕੁਮਾਰ, ਸਰਪੰਚ ਰਾਜਿੰਦਰ ਸਿੰਘ ਸੰਗਤ ਕਲਾਂ, ਸਰਪੰਚ ਅਮਰੀਕ ਸਿੰਘ ਫੂਲੌ ਮਿੱਠੀ ਅਤੇ ਸਰਪੰਚ ਗੇਜਾ ਸਿੰਘ ਸੰਗਤ ਕੋਠੇ ਆਦਿ ਵੀ ਵਿਸ਼ੇਸ਼ ਤੌਰ ‘ਤੇ ਹਾਜਰ ਸਨ।