ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿੱਚ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਕੈਂਪ ਲਾਇਆ
ਅਸ਼ੋਕ ਵਰਮਾ
ਨਥਾਣਾ, 27 ਨਵੰਬਰ 2025 :ਸਿਹਤ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਤਪਿੰਦਰਜੋਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾ. ਉਮੇਸ਼ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਮੈਂਟਲ ਹੈਲਥ ਅਤੇ ਡੀ-ਅਡਿਕਸ਼ਨ ਪ੍ਰੋਗਰਾਮ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ (ਲੜਕੀਆਂ) ਵਿਖੇ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਐਸ.ਐਮ.ਓ. ਡਾ. ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਅਤੇ ਨਸ਼ਾ ਮੁਕਤੀ ਸਬੰਧੀ ਸੰਦੇਸ਼ ਫੈਲਾਉਣਾ ਸੀ ਕਿਉਂਕਿ ਅੱਜ ਦੇ ਯੁੱਗ ਵਿੱਚ ਨੌਜਵਾਨਾਂ ਵਿੱਚ ਵਧ ਰਹੀਆਂ ਮਾਨਸਿਕ ਸਮੱਸਿਆਵਾਂ ਨੂੰ ਸਮੇਂ ਸਿਰ ਪਛਾਣਨਾ ਅਤੇ ਸਹੀ ਇਲਾਜ ਲੈਣਾ ਬਹੁਤ ਜਰੂਰੀ ਹੋ ਗਿਆ ਹੈ।
ਇਸ ਜਾਗਰੂਕਤਾ ਕੈਂਪ ਦੌਰਾਨ ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਕਾਊਂਸਲਰ ਬੇਅੰਤ ਕੌਰ ਵੱਲੋਂ ਸਾਂਝੇ ਰੂਪ ਵਿੱਚ ਸੰਬੋਧਨ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਜਾਣੂ ਕਰਾਇਆ ਕਿ ਮਾਨਸਿਕ ਰੋਗ ਕੀ ਹਨ, ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਅਤੇ ਡਿਪਰੈਸ਼ਨ (ਉਦਾਸੀ ਰੋਗ) ‘ਤੇ ਜਿੱਤ ਪ੍ਰਾਪਤ ਕਰਨ ਲਈ ਹਰ ਰੋਜ਼ ਯੋਗ ਕਸਰਤ ਅਤੇ ਸਾਧਨਾ ਪੂਰਨ ਰੂਪ ਵਿੱਚ ਸਹਾਈ ਸਿੱਧ ਹੋ ਸਕਦੇ ਹਨ ਇਸ ਤੋਂ ਇਲਾਵਾ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦੇਣ ਨਾਲ ਜਾਂ ਸਕੇ ਸਬੰਧੀਆਂ ਨਾਲ ਗੱਲਬਾਤ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਵੱਲੋਂ ਮਾਨਸਿਕ ਤਣਾਅ, ਡਿਪ੍ਰੈਸ਼ਨ, ਚਿੰਤਾ ਅਤੇ ਨਸ਼ਿਆਂ ਦੇ ਨੁਕਸਾਨਾਂ ਸਮੇਤ ਇਨ੍ਹਾਂ ਬਿਮਾਰੀਆਂ ਦਾ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਵਿਦਿਆਰਥੀਆਂ ਨੂੰ ਯੋਗਾ, ਧਿਆਨ ਸਮੇਤ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਮਾਨਸਿਕ ਤਣਾਅ ਤੋਂ ਬਚ ਸਕਣ।
ਇਸ ਮੌਕੇ ਸਿਹਤ ਕਰਮੀ ਮਨਜਿੰਦਰ ਸਿੰਘ ਸੇਮਾ ਨੇ ਦੱਸਿਆ ਕਿ ਸਿਵਲ ਹਸਪਤਾਲ ਬਠਿੰਡਾ ਵਿਖੇ ਡੀ-ਅਡਿਕਸ਼ਨ ਸੈਂਟਰ ਅਤੇ ਪੁਨਰਵਾਸ ਕੇਂਦਰ ਬਠਿੰਡਾ ਅਤੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਓਟ ਸੈਂਟਰ ਚੱਲ ਰਹੇ ਹਨ। ਨਸ਼ੇ ਦੇ ਆਦੀ ਵਿਅਕਤੀਆਂ ਲਈ ਨਸ਼ਾ ਛੱਡਣ ਲਈ ਇਨ੍ਹਾਂ ਸੈਂਟਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਚੈਕਅੱਪ, ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਨੀਤੂ, ਅਧਿਆਪਕ ਮਨਜੀਤ ਕੌਰ, ਦਰਸ਼ਨ ਕੌਰ, ਗੁਰਵਿੰਦਰ ਕੌਰ, ਪਰਵਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।