ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਖੇ ਸੰਵਿਧਾਨ ਦਿਵਸ ਮਨਾਇਆ
ਅਸ਼ੋਕ ਵਰਮਾ
ਬਠਿੰਡਾ, 27 ਨਵੰਬਰ, 2025: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨੌਜਵਾਨਾਂ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਦਿਅਕ ਅਤੇ ਜਾਗਰੂਕਤਾ ਵਧਾਉਣ ਵਾਲੀਆਂ ਗਤੀਵਿਧੀਆਂ ਨਾਲ ਭਾਰਤ ਦਾ 56ਵਾਂ ਸੰਵਿਧਾਨ ਦਿਵਸ ਮਨਾਇਆ ਗਿਆ। ਇਹ ਸਮਾਗਮ ਮਨੁੱਖੀ ਅਧਿਕਾਰਾਂ ਅਤੇ ਵਾਤਾਵਰਣ ਮੁੱਲਾਂ ਬਾਰੇ ਡਾ. ਅੰਬੇਡਕਰ ਚੇਅਰ, ਕਾਨੂੰਨ ਵਿਭਾਗ ਅਤੇ ਦੱਖਣੀ ਅਤੇ ਮੱਧ ਏਸ਼ੀਆਈ ਅਧਿਐਨ ਵਿਭਾਗ ਦੁਆਰਾ ਸਾਂਝੇ ਤੌਰ 'ਤੇ ਕਰਵਾਇਆ ਗਿਆ ਸੀ। ਪ੍ਰੋਗਰਾਮ ਵਿੱਚ ਇੱਕ ਕੁਇਜ਼ ਮੁਕਾਬਲਾ, ਸੰਵਿਧਾਨ ਦੀ ਪ੍ਰਸਤਾਵਨਾ ਦਾ ਸਮੂਹਿਕ ਪਾਠ, ਲੈਕਚਰ ਅਤੇ ਚਰਚਾ ਸੈਸ਼ਨ ਸ਼ਾਮਲ ਸਨ।
ਸਮਾਗਮ ਦਾ ਮੁੱਖ ਆਕਰਸ਼ਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰਸਿੱਧ ਵਿਦਵਾਨ ਪ੍ਰੋ. ਰੋਣਕੀ ਰਾਮ ਵੱਲੋਂ ਪੇਸ਼ ਕੀਤਾ ਗਿਆ ਆਮੰਤਰਿਤ ਵਿਸ਼ੇਸ਼ ਲੈਕਚਰ ਸੀ, ਜਿਸ ਦਾ ਵਿਸ਼ਾ ਸੀ — “ਸੰਵਿਧਾਨ ਇੱਕ ਪੁਲ ਵਜੋਂ: ਡਾ. ਅੰਬੇਡਕਰ ਦਾ ਭਾਰਤੀ ਏਕਤਾ ਦਾ ਦ੍ਰਿਸ਼ਟੀਕੋਣ।” ਪ੍ਰੋ. ਰੋਣਕੀ ਰਾਮ ਨੇ ਕਿਹਾ ਕਿ ਸੰਵਿਧਾਨ ਕੇਵਲ ਭਾਰਤੀ ਆਜ਼ਾਦੀ ਦਾ ਪ੍ਰਤੀਕ ਹੀ ਨਹੀਂ, ਬਲਕਿ ਸਮਾਜਿਕ ਅਤੇ ਸਮੂਹਿਕ ਚੁਣੌਤੀਆਂ ਦਾ ਹੱਲ ਲੱਭਣ ਲਈ ਇਕ ਮਜ਼ਬੂਤ ਔਜ਼ਾਰ ਵੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਸਿਰਫ਼ ਕਾਨੂੰਨੀ ਪੱਧਰ ਤੱਕ ਸੀਮਿਤ ਨਹੀਂ, ਸਗੋਂ ਇਹ ਇੱਕ ਨੈਤਿਕ ਅਤੇ ਦਾਰਸ਼ਨਿਕ ਚਾਰਟਰ ਹੈ ਜੋ ਦੇਸ਼ ਨੂੰ ਨਿਆ-ਅਧਾਰਿਤ ਸਮਾਜਿਕ ਬਦਲਾਅ ਵੱਲ ਦਿਸ਼ਾ ਦਿੰਦਾ ਹੈ। ਸੰਵਿਧਾਨ ਦੇ ਦਾਰਸ਼ਨਿਕ ਅਧਾਰ ਅਤੇ ਸਮਕਾਲੀ ਮਹੱਤਤਾ ਉਤੇ ਰੋਸ਼ਨੀ ਪਾਂਦੇ ਹੋਏ, ਉਨ੍ਹਾਂ ਨੇ ਡਾ. ਬੀ.ਆਰ. ਅੰਬੇਡਕਰ ਦੁਆਰਾ ਦਿੱਤੀ “ਅਰਾਜਕਤਾ ਦੇ ਵਿਆਕਰਣ” ਅਤੇ ਲੋਕਤੰਤਰ ਨੂੰ ਖਤਰੇ ਬਾਰੇ ਚੇਤਾਵਨੀਆਂ ਦੀ ਯਾਦ ਦਿਵਾਈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸਲ ਸੰਵਿਧਾਨਕ ਭਾਵਨਾ ਰਾਜਨੀਤਿਕ ਲੋਕਤੰਤਰ ਨੂੰ "ਇੱਕ ਵਿਅਕਤੀ, ਇੱਕ ਵੋਟ ਅਤੇ ਇੱਕ ਮੁੱਲ" ਦੇ ਸਿਧਾਂਤਾਂ ਤੋਂ ਪ੍ਰੇਰਿਤ ਸਮਾਜਿਕ ਲੋਕਤੰਤਰ ਵਿੱਚ ਬਦਲਣ ਵਿੱਚ ਹੈ। ਉਨ੍ਹਾਂ ਸਮਾਜਿਕ ਸਦਭਾਵਨਾ ਅਤੇ ਸਮਾਵੇਸ਼ੀ ਰਾਸ਼ਟਰ-ਨਿਰਮਾਣ ਨੂੰ ਯਕੀਨੀ ਬਣਾਉਣ ਲਈ ਸੰਵਿਧਾਨਕ ਨੈਤਿਕਤਾ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਨੂੰ ਦੁਹਰਾਇਆ।
ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਸਮਾਜ ਵਿੱਚ ਨਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ “ਸਮਾਨਤਾ, ਆਜ਼ਾਦੀ ਅਤੇ ਭਾਈਚਾਰੇ” ਨੂੰ ਇਕੱਠੇ ਚਲਣਾ ਬਹੁਤ ਜ਼ਰੂਰੀ ਹੈ। ਪ੍ਰੋ. ਤਿਵਾਰੀ ਨੇ ਵਿਦਿਆਰਥੀਆਂ ਨੂੰ ਸਹਿਯੋਗ, ਭਾਗੀਦਾਰੀ ਅਤੇ ਹਮਦਰਦੀ ਰਾਹੀਂ ਸੰਵਿਧਾਨਕ ਮੁੱਲਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਰਾਸ਼ਟਰੀ ਸੇਵਾ ਤੇ ਸਮਾਜਿਕ ਸਦਭਾਵਨਾ ਲਈ ਸਮਰਪਿਤ, ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਨਾਗਰਿਕ ਬਣਨ ਦੀ ਅਪੀਲ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਸੰਵਿਧਾਨ 'ਤੇ ਇੱਕ ਕੁਇਜ਼ ਮੁਕਾਬਲੇ ਅਤੇ ਚਰਚਾ ਸੈਸ਼ਨ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਦੇ ਅੰਤ ਵਿੱਚ, ਯੂਨੀਵਰਸਿਟੀ ਭਾਈਚਾਰੇ ਨੇ ਸਮੂਹਿਕ ਤੌਰ 'ਤੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕੀਤਾ। ਇਸ ਪ੍ਰੋਗਰਾਮ ਵਿੱਚ ਪ੍ਰੋ. ਬਾਵਾ ਸਿੰਘ, ਡਾ. ਪੁਨੀਤ ਪਾਠਕ, ਡਾ. ਜਗਮੀਤ ਬਾਵਾ, ਅਤੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ, ਖੋਜ ਵਿਦਵਾਨ ਅਤੇ ਵਿਦਿਆਰਥੀ ਸ਼ਾਮਲ ਹੋਏ।