ਟੈੱਟ ਪਾਸ ਨਾਨ- ਟੀਚਿੰਗ ਸਟਾਫ ਨੇ ਕੀਤੀ ਤਰੱਕੀਆਂ ਵਿੱਚ ਕੋਟਾ ਵਧਾਉਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ , 25 ਨਵੰਬਰ 2025 : ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਪੰਜਾਬ ਦੇ ਅਲੱਗ-ਅਲੱਗ ਜਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਟੈੱਟ ਪਾਸ ਲਾਇਬ੍ਰੇਰੀਅਨ, ਐੱਸ.ਐੱਲ.ਏ., ਕਲਰਕ, ਲਾਇਬ੍ਰੇਰੀ ਰਿਸਟੋਰਰ ਆਦਿ ਸ਼ਾਮਿਲ ਹੋਏ। ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ 2020 'ਚ ਜਦੋੰ ਨਾਨ-ਟੀਚਿੰਗ ਸਟਾਫ਼ ਨੂੰ ਮਾਸਟਰ ਕੇਡਰ 'ਚ 1% ਪ੍ਰਮੋਸ਼ਨ ਕੋਟਾ ਦਿੱਤਾ ਗਿਆ ਸੀ, ਓਦੋਂ ਇਸ ਵਿੱਚ 4 ਕੈਟਾਗਿਰੀਆਂ ਸ਼ਾਮਿਲ ਸਨ ਪਰ 2021 'ਚ 1% ਪ੍ਰਮੋਸ਼ਨ ਕੋਟੇ 'ਚ 8 ਕੈਟਾਗਿਰੀਆਂ ਸ਼ਾਮਿਲ ਕਰ ਦਿੱਤੀਆਂ ਗਈਆਂ, ਪਰ ਪ੍ਰਮੋਸ਼ਨ ਕੋਟਾ ਨਹੀਂ ਵਧਾਇਆ ਗਿਆ। ਪ੍ਰਮੋਸ਼ਨ ਕੋਟਾ ਬਹੁਤ ਘੱਟ ਹੋਣ ਕਾਰਨ ਅਤੇ ਮੁਲਾਜ਼ਮਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਰੱਕੀ ਤੋਂ ਵਾਂਝੇ ਰਹਿ ਗਏ ਹਨ। ਉਹਨਾਂ ਕਿਹਾ ਕਿ ਇਸ ਦੀ ਸਭ ਤੋਂ ਵੱਡੀ ਮਾਰ ਸਮਾਜਿਕ ਸਿੱਖਿਆ ਅਤੇ ਪੰਜਾਬੀ ਵਿਸ਼ੇ ਦੇ ਮੁਲਾਜ਼ਮਾਂ 'ਤੇ ਪਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪ੍ਰਮੋਸ਼ਨ ਕੋਟਾ ਨਾ ਵਧਾਇਆ ਗਿਆ ਤਾਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਰੱਕੀਆਂ ਉਡੀਕਦੇ ਹੀ ਰਿਟਾਇਰ ਹੋ ਜਾਣਗੇ। ਇਸ ਲਈ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ 'ਚ ਪ੍ਰਮੋਸ਼ਨ ਕੋਟਾ ਵਧਾ ਕੇ ਘੱਟੋ-ਘੱਟ 3% ਕੀਤਾ ਜਾਵੇ। ਸੂਬਾ ਜਨਰਲ ਸਕੱਤਰ ਪ੍ਰਦੀਪ ਕੌਰ ਬਰਾੜ ਨੇ ਕਿਹਾ ਕਿ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੀਆਂ ਪੋਸਟਾਂ ਦੀ ਵੰਡ ਇਕਸਾਰ ਨਾ ਹੋਣ ਕਾਰਨ ਤਰੱਕੀਆਂ ਤੋਂ ਬਾਅਦ ਮੁਲਾਜ਼ਮਾਂ ਨੂੰ ਬਹੁਤ ਦੂਰ-ਦੁਰਾਡੇ ਸਟੇਸ਼ਨ ਮਿਲਦੇ ਹਨ। ਇਸ ਲਈ ਹਰ ਸਕੂਲ ਵਿੱਚ ਪੀਰੀਅਡਾਂ ਦੀ ਗਿਣਤੀ ਅਨੁਸਾਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ ਬਣਦੀਆਂ ਪੋਸਟਾਂ ਦਿੱਤੀਆਂ ਜਾਣ। ਇਸ ਮੌਕੇ ਆਗੂਆਂ ਨੇ ਤਰੱਕੀ ਲਈ ਤਜਰਬੇ ਦੀ ਸ਼ਰਤ 4 ਸਾਲ ਤੋਂ ਘਟਾ ਕੇ 3 ਸਾਲ ਕਰਨ ਅਤੇ ਹਰ ਸਾਲ ਸਮਾਂਬੱਧ ਤਰੀਕੇ ਨਾਲ ਤਰੱਕੀਆਂ ਕਰਨ ਦੀ ਮੰਗ ਵੀ ਰੱਖੀ। ਇਸ ਮੌਕੇ 'ਤੇ ਲਖਵਿੰਦਰ ਸਿੰਘ ਮੌੜ, ਸੁਖਜੀਤ ਸਿੰਘ ਫਾਜ਼ਿਲਕਾ, ਕਰਮਜੀਤ ਕੌਰ ਮੋਗਾ, ਦਰਸ਼ਨ ਸਿੰਘ ਮਾਨਸਾ, ਸੁਖਚੈਨ ਸਿੰਘ, ਰਮਨਦੀਪ ਕੌਰ, ਸੁਖਮੰਦਰ ਸਿੰਘ, ਪ੍ਰੀਤੀ ਸਾਹਨੀ, ਮਨਦੀਪ ਕੌਰ, ਮਨਵਿੰਦਰ ਪਾਲ ਆਦਿ ਵੀ ਹਾਜ਼ਰ ਸਨ।