ਹਰਪਾਲ ਚੀਮਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੱਦੇ ਇਤਿਹਾਸਕ ਵਿਧਾਨ ਸਭਾ ਇਜਲਾਸ ਦੌਰਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾਂਜਲੀ
*ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਧ ਰਹੀ ਨਫ਼ਰਤ ਅਤੇ ਲੋਕਤੰਤਰੀ ਸਿਧਾਂਤਾਂ ਦੇ ਘਾਣ 'ਤੇ ਡੂੰਘੀ ਚਿੰਤਾ ਪ੍ਰਗਟਾਈ*
*ਪੰਜਾਬ ਦੀ ਖੇਤੀਬਾੜੀ, ਸਿੱਖਿਆ ਪ੍ਰਣਾਲੀ, ਦਰਿਆਵਾਂ ਦੇ ਪਾਣੀਆਂ 'ਤੇ ਢਾਹ ਲਗਾਉਣ ਅਤੇ ਪੰਜਾਬ ਦੀ ਰਾਜਧਾਨੀ ਨੂੰ ਖੋਹਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਵੀ ਦਿੱਤਾ ਹਵਾਲਾ*
*ਭਾਈ ਜੈਤਾ ਜੀ ਦੀ ਵਿਰਾਸਤ ਨੂੰ ਸਨਮਾਨ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੀਤੀ ਸ਼ਲਾਘਾ*
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ:
ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਯਾਦਗਾਰ ਵਿਖੇ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਇਤਿਹਾਸਕ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕੀਤੀ।
'ਰੰਗਰੇਟਾ ਗੁਰੂ ਕਾ ਬੇਟਾ' ਭਾਈ ਜੈਤਾ ਜੀ ਨੂੰ ਸਮਰਪਿਤ ਸਥਾਨ ਤੋਂ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਨੌਵੇਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਮਨੁੱਖਤਾ ਦੇ ਇਤਿਹਾਸ ਵਿੱਚ ਸਰਭਉੱਚ ਦੱਸਿਆ ਅਤੇ ਕਿਹਾ ਕਿ ਗੁਰੂ ਸਾਹਿਬ ਨੇ ਦੂਜੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਸਦਨ ਵਿੱਚ ਆਪਣੇ ਸੰਬੋਧਨ ਦੌਰਾਨ ਐਡਵੋਕੇਟ ਚੀਮਾ ਨੇ ਸਿੱਖ ਇਤਿਹਾਸ ਵਿੱਚ ਕੁਰਬਾਨੀ ਦੀ ਵਿਲੱਖਣ ਪਰੰਪਰਾ ਬਾਰੇ ਗੱਲ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋ ਕੇ ਚਾਰ ਪੀੜ੍ਹੀਆਂ ਤੱਕ ਚੱਲੀ ਕੁਰਬਾਨੀ ਨੂੰ ਯਾਦ ਕੀਤਾ ਜਿਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਦਿੱਤੀ। ਐਡਵੋਕੇਟ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਦੁਨੀਆ ਦਾ ਕੋਈ ਅਜਿਹਾ ਹੋਰ ਇਤਿਹਾਸ ਨਹੀਂ ਪੜ੍ਹਿਆ ਜਿਸ ਵਿੱਚ ਸ਼ਾਂਤੀ, ਇਕਜੁੱਟਤਾ ਨੂੰ ਬਰਕਰਾਰ ਰੱਖਣ ਅਤੇ ਸਾਰੇ ਧਰਮਾਂ ਦੇ ਸਤਿਕਾਰ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਹੋਣ। ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹੋਏ ਗੁਰੂ ਸਾਹਿਬ ਜ਼ੁਲਮ ਦੇ ਵਿਰੁੱਧ ਡੱਟ ਕੇ ਖੜ੍ਹੇ ਸਨ ਅਤੇ ਗੁਰੂ ਸਾਹਿਬ ਦਾ ਇਹ ਸੰਦੇਸ਼ ਅੱਜ ਵੀ ਮਨੁੱਖਤਾ ਦਾ ਚਾਨਣ-ਮੁਨਾਰਾ ਬਣ ਰਿਹਾ ਹੈ।
ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਧ ਰਹੀ ਨਫ਼ਰਤ ਅਤੇ ਲੋਕਤੰਤਰੀ ਸਿਧਾਂਤਾਂ ਦੇ ਘਾਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਮਨੀਪੁਰ ਅਤੇ ਉੱਤਰ ਪ੍ਰਦੇਸ਼ ਵਿੱਚ ਹਿੰਸਾ ਬਾਰੇ ਹੋਰ ਬੁਲਾਰਿਆਂ ਵੱਲੋਂ ਦਿੱਤੇ ਗਏ ਹਵਾਲਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਜਾਤੀ ਦੇ ਅਧਾਰ 'ਤੇ ਕੀਤੇ ਜਾਂਦੇ ਅੱਤਿਆਚਾਰਾਂ ਨੂੰ ਉਜਾਗਰ ਕੀਤਾ।
ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਵੀ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਸੂਬੇ ਦੀ ਖੇਤੀਬਾੜੀ, ਸਿੱਖਿਆ ਪ੍ਰਣਾਲੀ ਅਤੇ ਦਰਿਆਵਾਂ ਦੇ ਪਾਣੀਆਂ ਨੂੰ ਢਾਹ ਲਾਉਣ ਦੀਆਂ ਸੌੜੀਆਂ ਚਾਲਾਂ ਸ਼ਾਮਲ ਹਨ। ਉਨ੍ਹਾਂ ਨੇ ਰਾਜਧਾਨੀ ਚੰਡੀਗੜ੍ਹ 'ਤੇ ਪੰਜਾਬ ਦੇ ਦਾਅਵੇ ਸਬੰਧੀ ਹਾਲ ਹੀ ਵਿੱਚ ਉੱਠੀਆਂ ਚੁਣੌਤੀਆਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦਿਆਂ ਪੰਜਾਬ ਦੇ ਤਿੰਨ ਕਰੋੜ ਲੋਕ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਵਚਨਬੱਧ ਹਨ ਅਤੇ ਸੂਬੇ ਦੇ ਹੱਕਾਂ ਲਈ ਦ੍ਰਿੜਤਾ ਨਾਲ ਲੜਨਗੇ।
ਵਿੱਤ ਮੰਤਰੀ ਨੇ ਭਾਈ ਜੈਤਾ ਜੀ ਦੀ ਵਿਰਾਸਤ ਨੂੰ ਪ੍ਰਤੀਕਾਤਮਕ ਪਹਿਲ ਦੇ ਨਾਲ ਨਾਲ ਵਿਧਾਨਕ ਕਾਰਵਾਈ ਰਾਹੀਂ ਸਨਮਾਨ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 'ਆਪ' ਸਰਕਾਰ ਵੱਲੋਂ ਪੇਸ਼ ਕੀਤੇ ਗਏ ਪੰਜਾਬ ਲਾਅ ਅਫਸਰਜ਼ ਬਿੱਲ ਦੀ ਮਹੱਤਤਾ 'ਤੇ ਚਾਨਣਾ ਪਾਇਆ, ਜੋ ਹਾਈ ਕੋਰਟ ਵਿੱਚ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਕਦਮ ਜੋ ਪਿਛਲੇ 75 ਸਾਲਾਂ ਵਿੱਚ ਨਹੀਂ ਚੁੱਕਿਆ ਗਿਆ ਸੀ। ਸ. ਚੀਮਾ ਨੇ ਇਸ ਗੱਲ 'ਤੇ ਵੀ ਮਾਣ ਪ੍ਰਗਟ ਕੀਤਾ ਕਿ ਇਹ ਸੈਸ਼ਨ ਭਾਈ ਜੈਤਾ ਜੀ ਦੀ ਯਾਦਗਾਰ ਵਿਖੇ ਕਰਵਾਇਆ ਜਾ ਰਿਹਾ ਹੈ ਅਤੇ ਇਹ ਕਦਮ ਗੁਰੂ ਸਾਹਿਬ ਦਾ ਪੂਰੀ ਦ੍ਰਿੜਤਾ ਨਾਲ ਸਾਥ ਦੇਣ ਵਾਲੇ ਬਹਾਦਰ ਯੋਧਿਆਂ ਨੂੰ ਬਣਦਾ ਸਨਮਾਨ ਦਿੰਦਾ ਹੈ।
ਅੰਤ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਪਵਿੱਤਰ ਧਰਤੀ 'ਤੇ ਵਿਧਾਨ ਸਭਾ ਦਾ ਇਜਲਾਸ ਕਰਵਾਉਣ ਦੀ ਇਤਿਹਾਸਕ ਪਹਿਲਕਦਮੀ ਲਈ ਸਪੀਕਰ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਇਸ ਸੈਸ਼ਨ ਅਤੇ ਮੌਜੂਦਾ ਪੰਜਾਬ ਸਰਕਾਰ ਦੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੈਰੋਕਾਰਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਪ੍ਰਤੀ ਡੂੰਘੇ ਸਤਿਕਾਰ ਨੂੰ ਦੇਖ ਰਹੀ ਹੈ।