ਦਿੱਲੀ ’ਚ ਹੋਏ ਫਿਦਾਈਨ ਹਮਲੇ ਖਿਲਾਫ ਬਠਿੰਡਾ ’ਚ ਅੱਤਵਾਦ ਦਾ ਪੁਤਲਾ ਸਾੜਿਆ
ਅਸ਼ੋਕ ਵਰਮਾ
ਬਠਿੰਡਾ, 11 ਨਵੰਬਰ 2025: ਦਿੱਲੀ ਵਿੱਚ ਹਾਲ ਹੀ ਵਿੱਚ ਹੋਏ ਫਿਦਾਈਨ ਹਮਲੇ ਦੌਰਾਨ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਅਤੇ ਅੱਤਵਾਦ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਅੱਜ ਬਠਿੰਡਾ ਦੀਆਂ ਜੱਥੇਬੰਦੀਆਂ ਨੇ ਦਹਿਸ਼ਤਗਰਦੀ ਦਾ ਪੁਤਲਾ ਸਾੜਿਆ। ਇਸ ਮੌਕੇ ਹਾਜ਼ਰ ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਆਗੂ , ਸੰਦੀਪ ਅਗਰਵਾਲ ਸੁਖਪਾਲ ਸਿੰਘ ਸਰਾਂ, ਅਸ਼ੋਕ ਬਾਲਿਆਂਵਾਲੀ , ਆਸ਼ੁਤੋਸ਼ ਤਿਵਾੜੀ, ਨਿਤਿਨ ਗੋਇਲ ਅਤੇ ਅਨਿਲ ਗਰਗ ਆਦਿ ਆਗੂਆਂ ਨੇ ਇਸ ਘਟਨਾਂ ਦੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੱਕ ਸੱਭਿਆ ਸਮਾਜ ਵਿੱਚ ਦਹਿਸ਼ਤਗਰਦੀ ਲਈ ਕੋਈ ਥਾਂ ਨਹੀਂ ਹੈ ਅਤੇ ਸਭਨਾਂ ਨੂੰ ਇਸ ਵਾਰਦਾਤ ਦੀ ਨਿੰਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੜ੍ਹੇ-ਲਿਖੇ ਲੋਕਾਂ, ਖ਼ਾਸ ਕਰਕੇ ਡਾਕਟਰਾਂ, ਤੋਂ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਹਥਿਆਰ ਅਤੇ ਜ਼ਹਰੀਲੇ ਪਦਾਰਥਾਂ ਦਾ ਹੋਣਾ ਚਿੰਤਾਜਨਕ ਅਤੇ ਖ਼ਤਰਨਾਕ ਸੰਕੇਤ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਦੇਸ਼ ਵਿਰੋਧੀ ਸ਼ਕਤੀਆਂ ਹਨ ਇਸ ਲਈ ਮੁਲਕ ਦੀਆਂ ਸੁਰੱਖਿਆ ਏਜੰਸੀਆਂ ਨੂੰ ਡੂੰਘਾਈ ਨਾਲ ਜਾਂਚ ਕਰਕੇ ਸਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਪੂਰਾ ਦੇਸ਼ ਇਕਜੁੱਟ ਹੈ ਅਤੇ ਅੱਤਵਾਦੀ ਆਪਣੀਆਂ ਕਾਇਰਾਨਾ ਹਰਕਤਾਂ ਨਾਲ ਭਾਰਤ ਦੀ ਤਾਕਤ ਅਤੇ ਹੌਂਸਲੇ ਨੂੰ ਕਮਜ਼ੋਰ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦਾ ਹਰ ਨਾਗਰਿਕ ਸਰਕਾਰ ਅਤੇ ਸੁਰੱਖਿਆ ਬਲਾਂ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ ਅਤੇ ਅਜਿਹੇ ਕਾਰਿਆਂ ਨੂੰ ਕੋਈ ਵੀ ਭਾਰਤੀ ਬਰਦਾਸ਼ਤ ਨਹੀਂ ਕਰੇਗਾ। ਸਮੂਹ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰਕੇ ਅੱਤਵਾਦੀਆਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇ। ਇਸ ਮੌਕੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਨਾਗਰਿਕਾਂ ਨੂੰ ਦੇਸ਼ ਦੀ ਸੁਰੱਖਿਆ ਅਤੇ ਏਕਤਾ ਲਈ ਚੌਕਸ ਰਹਿਣ ਦੀ ਅਪੀਲ ਕੀਤੀ ਗਈ।