ਐਂਟੀ ਸੈਕਸੁਅਲ ਹਰਾਸਮੈਂਟ ਕਮੇਟੀ ਅੱਗੇ ਪੇਸ਼ ਹੋ ਕੇ ਪੀੜਤ ਅਧਿਆਪਕਾਂ ਨੇ ਬਿਆਨ ਦਰਜ ਕਰਵਾਏ
ਰੋਸ ਵਜੋਂ ਇਸਤਰੀ ਤਾਲਮੇਲ ਫਰੰਟ ਵੱਲੋਂ ਫੂਕੇ ਜਾਣਗੇ ਪੋਹਲਾ ਸਿੰਘ ਬੀ ਪੀ ਈ ਓ ਦੇ ਪੁਤਲੇ
ਰੋਹਿਤ ਗੁਪਤਾ
ਗੁਰਦਾਸਪੁਰ 1 ਨਵੰਬਰ 2025- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਦੇ ਮੰਗ ਪੱਤਰ ਤੇ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ ਦਫ਼ਤਰ ਦੀ ਐਂਟੀ ਸੈਕਸੁਅਲ ਹਰਾਸਮੈਂਟ ਕਮੇਟੀ ਅੱਗੇ ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਖਿਲਾਫ ਮਹਿਲਾ ਅਧਿਆਪਕਾ ਦੇ ਬਿਆਨ ਦਰਜ ਕਰਵਾਏ ਹਨ। ਫਤਿਹ ਗੜ੍ਹ ਚੂੜੀਆਂ ਦੇ ਬਲਾਕ ਦੀ ਸੁਖਪ੍ਰੀਤ ਕੌਰ ਗਿੱਲ ਅਤੇ ਕਾਦੀਆਂ 2 ਦੇ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਦੀ ਅਧਿਆਪਕਾ ਮੈਡਮ ਕਮਲਪ੍ਰੀਤ ਕੌਰ ਆਪਣੇ ਨਾਲ ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਵਲੋਂ ਕੀਤੀਆਂ ਵਧੀਕੀਆਂ ਅਤੇ ਜਿਸਮਾਨੀ ਛੇੜਛਾੜ ਬਾਰੇ ਲਿਖਤੀ ਬਿਆਨ ਦਰਜ ਕਰਵਾਏ ਹਨ। ਉਧਰ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਵਲੋਂ ਇੱਕ ਮੀਡੀਆ ਕਰਮੀ ਨੂੰ ਆਪਣੀ ਇੰਟਰਵਿਊ ਦਿੰਦਿਆਂ ਕਿਹਾ ਕਿ ਔਰਤ ਅਧਿਆਪਕਾਂਵਾਂ ਆਪਣੀ ਕਮੀਆਂ ਛਪਾਉਣ ਲਈ ਜਿਸਮਾਨੀ ਛੇੜਛਾੜ ਦਾ ਸਹਾਰਾ ਲੈਂਦੀਆਂ ਹਨ। ਜਿਸ ਨਾਲ ਔਰਤ ਅਧਿਆਪਕਾਂਵਾਂ ਦੇ ਸਨਮਾਨ ਨੂੰ ਸੱਟ ਵੱਜੀ ਹੈ।ਜਦੋਂ ਕਿ ਫਰੰਟ ਕੋਲ ਇਸ ਅਧਿਕਾਰੀ ਦੇ ਕੋਝੇ ਕਾਰਨਾਮਿਆਂ ਦੇ ਕਈ ਕਾਲੇ ਚਿੱਠੇ ਮੌਜੂਦ ਹਨ। ਫਰੰਟ ਵਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਦੇ ਪੁੱਤਲੇ ਸਾੜਣ ਦਾ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਸਿਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਫਤਿਹ ਗੜ੍ਹ ਚੂੜੀਆਂ ਬਲਾਕ ਦਾ ਚਾਰਜ ਬੀ ਪੀ ਈ ਓ ਕਾਦੀਆਂ 2 ਤੋਂ ਵਾਪਸ ਲਿਆ ਜਾਵੇ। ਫ਼ਤਹਿਗੜ੍ਹ ਚੂੜੀਆਂ ਦੇ ਕਲਰਕ ਇੰਦਰਜੀਤ ਸਿੰਘ ਵਲੋਂ ਆਪਣੇ ਪੱਧਰ ਤੇ ਡੈਪੂਟੇਸ਼ਨ ਲਗਾਉਣ ਦੀ ਗੈਰ ਕਾਨੂੰਨੀ ਕਾਰਵਾਈ ਕਰਨ ਤੇ ਮੁਅੱਤਲ ਕੀਤਾ ਜਾਵੇ। ਡੈਪੂਟੇਸ਼ਨ ਰੱਦ ਕੀਤੇ ਜਾਣ। ਔਰਤ ਅਧਿਆਪਕਾਂਵਾਂ ਨਾਲ ਵਧੀਕੀਆਂ ਕਰਨ ਵਾਲੇ ਬੀ ਪੀ ਈ ਓ ਕਾਦੀਆਂ 2 ਵਿਰੁੱਧ ਕਾਰਵਾਈ ਕਰਕੇ ਮੁਅੱਤਲ ਕੀਤਾ ਜਾਵੇ ਅਤੇ ਪਰਚਾ ਦਰਜ ਕਰਨ ਲਈ ਪੁਲਿਸ ਵਿਭਾਗ ਨੂੰ ਲਿਖਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕੀਤੀ ਤਾਂ 11 ਨਵੰਬਰ ਨੂੰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।