ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮਨਾਇਆ ਗਿਆ ਪੰਜਾਬ ਦਿਵਸ, ਪੰਜਾਬ ਦੀ ਮਹਾਨ ਵਿਰਾਸਤ ਦੀ ਦਿਸੀ ਝਲਕ
ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ, ਸੁੱਖੀ ਬਰਾੜ, ਜੱਸ ਗਰੇਵਾਲ ਸਣੇ ਹੋਰ ਕਈ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਪੰਜਾਬ ਦਿਵਸ ਦੌਰਾਨ ਵਿਰਾਸਤੀ ਮੇਲਾ ਰਿਹਾ ਖਿੱਚ ਦਾ ਕੇਂਦਰ, ਪੰਜਾਬੀ ਸੱਭਿਆਚਾਰ ਦੇ ਦੇਖਣ ਨੂੰ ਮਿਲੇ ਰੰਗ
ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਆਪਣੀਆਂ ਜੜਾਂ ਨਾਲ ਜੁੜੇ ਰਹੋ, ਆਪਣੀ ਮਾਂ ਬੋਲੀ ਦੀ ਇੱਜ਼ਤ ਕਰੋ : ਸੁੱਖੀ ਬਰਾੜ, ਲੋਕ ਗਾਇਕਾ
ਮੋਹਾਲੀ, 1 ਨਵੰਬਰ : ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ ਪੰਜਾਬ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਦੀ ਮਹਾਨ ਵਿਰਾਸਤ ਅਤੇ ਸੱਭਿਆਚਾਰ ਦਾ ਜਸ਼ਨ ਮਨਾਇਆ ਗਿਆ। ਦੋ ਦਿਨਾ ਸਮਾਗਮ ਦੌਰਾਨ ਪੇਂਡੂ ਪੰਜਾਬ ਅਤੇ ਇਸ ਦੀ ਮਹਾਨ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੀ। 'ਵਿਰਾਸਤੇ ਪੰਜਾਬ' ਸਮਾਗਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਵਡਮੁੱਲੀ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨਾ ਰਿਹਾ।
ਦੱਸ ਦਈਏ ਕਿ ਵਿਰਾਸਤੇ ਪੰਜਾਬ ਦਾ ਉਦਘਾਟਨ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ ਨੇ ਕੀਤਾ। ਇਸ ਦੇ ਨਾਲ ਹੀ ਸਮਾਗਮ ਵਿੱਚ ਪੰਜਾਬੀ ਲੋਕ ਗਾਇਕਾ ਸੁੱਖੀ ਬਰਾੜ, ਫਿਲਮ ਨਿਰਦੇਸ਼ਕ ਜੱਸ ਗਰੇਵਾਲ, ਮਰਹੂਮ ਕਾਮੇਡੀਅਨ ਅਤੇ ਐਕਟਰ ਮਰਹੂਮ ਜਸਪਾਲ ਭੱਟੀ ਦੇ ਭਰਾ ਅਰਵਿੰਦਰ ਭੱਟੀ, ਪੰਜਾਬ ਦੇ ਯੂਥ ਸਰਵਿਸੇਜ਼ ਵਿਭਾਗ ਦੇ ਸਹਾਇਕ ਨਿਰਦੇਸ਼ਕ ਪ੍ਰੀਤ ਕੋਹਲੀ, ਉੱਘੇ ਸਿੱਖ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ, ਅਜਮੇਰ ਸਿੰਘ, ਸੇਵਕ ਸਿੰਘ ਸਣੇ ਪੰਜਾਬ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਦੱਸਣਯੋਗ ਹੈ ਕਿ ਪੰਜਾਬ ਦਿਵਸ ਦੇ ਸਮਾਗਮ ਦੌਰਾਨ ਵਿਰਾਸਤ ਮੇਲਾ ਖ਼ਾਸ ਖਿੱਚ ਦਾ ਕੇਂਦਰ ਰਿਹਾ, ਜਿਸ ਦੀ ਸ਼ੁਰੂਆਤ ਭੰਗੜਾ ਤੇ ਮਲਵਈ ਗਿੱਧੇ ਦੀ ਪੇਸ਼ਕਾਰੀ ਨਾਲ ਹੋਈ। ਇਸ ਦੇ ਨਾਲ ਹੀ ਵਿਰਾਸਤੀ ਮੇਲੇ ਵਿੱਚ ਪੰਜਾਬ ਦੇ ਸੱਭਿਆਚਾਰਕ ਪਕਵਾਨਾਂ ਦੀ ਸਟਾਲਾਂ ਲਗਾਈਆਂ ਗਈਆਂ। ਇਸ ਦੇ ਨਾਲ ਹੀ ਪੰਜਾਬੀ ਖੇਤੀਬਾੜੀ ਦੇ ਸੰਧ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਉਹ ਚੀਜ਼ਾਂ, ਜੋ ਅੱਜ ਅਲੋਪ ਹੋ ਚੁੱਕੀਆਂ ਹਨ, ਦੀ ਪ੍ਰਦਰਸ਼ਨੀ ਵੀ ਇਸ ਵਿਰਾਸਤੀ ਮੇਲੇ ਵਿੱਚ ਲਗਾਈ ਗਈ। ਇਸ ਸਮਾਗਮ ਦੌਰਾਨ ਸੱਭਿਆਚਾਰਕ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਵਿਿਦਿਆਰਥੀਆਂ ਵਿਚਾਲੇ ਫੁਲਕਾਰੀ, ਪੱਖੀ, ਪਰਾਂਦਾ, ਮਿੱਟੀ ਦੇ ਖਿਡੌਣੇ ਅਤੇ ਛਿੱਕੂ ਬਣਾਉਣ ਦੇ ਮੁਕਾਬਲੇ ਕਰਵਾਏ ਗਏ।
ਇਸ ਦੇ ਨਾਲ ਹੀ ਪੰਜਾਬੀ ਗਾਇਕ ਪੰਮੀ ਬਾਈ, ਹਸ਼ਮਤ ਸੁਲਾਤਾਨਾ ਅਤੇ ਕੰਵਰ ਗਰੇਵਾਲ ਨੇ ਆਪਣੀ ਦਮਦਾਰ ਗਾਇਕੀ ਪਰਫ਼ਾਰਮੈਂਸ ਦੇ ਨਾਲ ਸਮਾਂ ਬੰਨ੍ਹਿਆ। ਇਸ ਦਰਮਿਆਨ ਪੰਮੀ ਬਾਈ ਨੇ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ "ਅੱਜ ਦੀ ਨੌਜਵਾਨ ਪੀੜੀ ਆਪਣੇ ਸੱਭਿਆਚਾਰ ਤੋਂ ਦੂਰ ਹੋ ਰਹੀ ਹੈ। ਅੱਜ ਮੈਨੂੰ ਵਿਰਾਸਤੇ ਪੰਜਾਬ ਦਾ ਹਿੱਸਾ ਬਣ ਕੇ ਬੇਹੱਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਇੱਥੇ ਪੰਜਾਬ ਦੀ ਵਿਰਾਸਤ ਨੂੰ ਜਿਸ ਤਰ੍ਹਾਂ ਪ੍ਰਦਰਸ਼ਿਤ ਕੀਤਾ ਗਿਆ ਹੈ, ਉਹ ਕਮਾਲ ਹੈ। ਪੁਰਾਣੇ ਸਮੇਂ ਦੀਆਂ ਅਜਿਹੀਆਂ ਚੀਜ਼ਾਂ ਜੋ ਅੱਜ ਅਲੋਪ ਹੋ ਚੁੱਕੀਆਂ ਹਨ, ਨੂੰ ਪ੍ਰਦਰਸ਼ਿਤ ਕਰਕੇ ਨੌਜਵਾਨ ਪੀੜੀ ਨੂੰ ਵਿਰਾਸਤ ਨਾਲ ਜੋੜਨ ਦਾ ਇਹ ਬੇਹਤਰੀਨ ਉਪਰਾਲਾ ਹੈ।
ਦੂਜੇ ਪਾਸੇ, ਸਮਾਗਮ ਦੌਰਾਨ ਮਾਹਿਰਾਂ ਵੱਲੋਂ ਪੈਨਲ ਚਰਚਾ ਵੀ ਕੀਤੀ ਗਈ, ਜਿਸ ਵਿੱਚ ਪੰਜਾਬ ਕੌਰ ਦੇ ਨਾਂਅ ਨਾਲ ਮਸ਼ਹੂਰ ਲੋਕ ਗਾਇਕਾ ਸੁੱਖੀ ਬਰਾੜ ਨੇ ਪੰਜਾਬੀ ਮਾਂ ਬੋਲੀ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਸਿੱਖਿਆ ਤੁਹਾਡੀ ਤਾਕਤ ਹੈ। ਤੁਸੀਂ ਭਾਵੇਂ ਅੰਗਰੇਜ਼ੀ ਮੀਡੀਅਮ ਜਾਂ ਹਿੰਦੀ ਮੀਡੀਅਮ ਵਿੱਚ ਪੜ੍ਹੋ ਜਾਂ ਫ਼ਿਰ ਕਿਸੇ ਹੋਰ ਭਾਸ਼ਾ ਵਿੱਚ, ਹਮੇਸ਼ਾ ਪਹਿਲਾ ਸਥਾਨ ਆਪਣੀ ਮਾਂ ਬੋਲੀ ਨੂੰ ਦਵੋ। ਇਸ ਦੇ ਨਾਲ ਨਾਲ ਸਾਰੀਆਂ ਭਾਸ਼ਾਵਾਂ ਦੀ ਇੱਜ਼ਤ ਕਰੋ।"
ਉੱਧਰ, ਪੰਜਾਬ ਦੇ ਮਹਾਨ ਸਿੱਖ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਨੇ ਸੂਬੇ ਦੇ ਮਹਾਨ ਇਤਿਹਾਸ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਸਾਡੇ ਸੂਬੇ ਨੇ ਬਹੁਤ ਸੱਟਾਂ ਖਾਧੀਆਂ ਹਨ, ਬਹੁਤ ਤਬਾਹੀਆਂ ਦੇਖੀਆਂ ਹਨ। ਜਿਵੇਂ ਹਾਲ ਹੀ ਵਿੱਚ ਪੰਜਾਬ 'ਚ ਆਏ ਹੜ੍ਹਾਂ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ। ਪਰ ਇਸ ਦੇ ਨਾਲ ਪੰਜਾਬੀਆਂ ਦੀ ਰੂਹ ਨਹੀਂ ਹਿੱਲੀ। ਅਸੀਂ ਇੱਕਜੁੱਟ ਹੋ ਕੇ ਨਾਲ ਖੜੇ ਹਾਂ ਅਤੇ ਮਿਲ ਕੇ ਮੁੜ ਤੋਂ ਇੱਕ ਬੇਹਤਰੀਨ ਪੰਜਾਬ ਦੀ ਸਿਰਜਣਾ ਕਰ ਰਹੇ ਹਾਂ।"