ਜਿਨ੍ਹਾਂ ਦੇ ਖੇਤ ਦਰਿਆ ਵਹਾ ਕੇ ਲੈ ਗਿਆ , ਉਹਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਦੀ ਦਿੱਤੀ ਜਾਵੇ ਇਜਾਜ਼ਤ
ਹੜ ਪੀੜਤ ਕਿਸਾਨਾਂ ਨੇ ਲਾਈ ਗੁਹਾਰ,
ਰੋਹਿਤ ਗੁਪਤਾ
ਗੁਰਦਾਸਪੁਰ , 1ਨਵੰਬਰ 2025 :
ਰਾਵੀ ਦਰਿਆ ਤੇ ਸਥਿਤ ਮਕੌੜਾ ਪੱਤਣ ਵਿੱਚੋਂ ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਦੇ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਕੁਝ ਹੜ ਪੀੜਿਤ ਕਿਸਾਨਾਂ ਨੇ ਮੀਡੀਆ ਸਾਹਮਣੇ ਆ ਕੇ ਦੱਸਿਆ ਕਿ ਉਹਨਾਂ ਦੀਆ ਜਮੀਨਾਂ ਦਰਿਆ ਬਹਾ ਕੇ ਲੈ ਗਿਆ ਹੈ। ਦਰਿਆ ਨੇ ਹੁਣ ਆਪਣਾ ਰੁੱਖ ਬਦਲ ਲਿਆ ਹੈ ਤੇ ਉਹਨਾਂ ਦੀਆਂ ਜਮੀਨਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਸਨ ਜਿਨਾਂ ਵਿੱਚੋਂ ਉਹ ਰੇਤ ਕਢਵਾ ਰਹੇ ਸਨ ਪਰ ਕੁਝ ਲੋਕਾਂ ਨੇ ਦਰਿਆ ਵਿੱਚੋਂ ਨਜਾਇਜ਼ ਮਾਈਨਿੰਗ ਦਾ ਝੂਠਾ ਦੋਸ਼ ਲਗਾਉਂਦੇ ਹੋਏ ਕੰਮ ਰੁਕਵਾ ਦਿੱਤਾ। ਕਿਸਾਨ ਬਲਜੀਤ ਸਿੰਘ ਸੈਣੀ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਮੁਹਿੰਮ ਤਹਿਤ ਬਹੁਤ ਵਧੀਆ ਮੁਹਿੰਮ ਸ਼ੁਰੂ ਕੀਤੀ ਹੈ । ਹੜ ਪੀੜਤ ਕਿਸਾਨਾਂ ਲਈ ਇਹ ਮੁਹਿੰਮ ਵਰਦਾਨ ਸਾਬਤ ਹੈ , ਕਿਉਂਕਿ ਦਰਿਆ ਕਿਨਾਰੇ ਸਥਿਤ ਖੇਤ ਦਰਿਆ ਵਿੱਚ ਮਿਲਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਜਿਨਾਂ ਕਿਸਾਨਾਂ ਦੇ ਖੇਤ ਦਰਿਆ ਵਹਾ ਕੇ ਲੈ ਗਿਆ ਹੈ ਉਹ ਕਿਸਾਨ ਸਭ ਤੋਂ ਜ਼ਿਆਦਾ ਹੜਾਂ ਨਾਲ ਪ੍ਰਭਾਵਿਤ ਹੋਏ ਹਨ। ਇਸੇ ਮੁਹਿੰਮ ਤਹਿਤ ਉਹ ਵੀ ਦਰਿਆ ਦੀ ਭੇਂਟ ਚੜ ਚੁੱਕੇ ਆਪਣੇ ਖੇਤਾਂ ਵਿੱਚੋਂ ਰੇਤ ਕਢਵਾ ਰਹੇ ਸਨ ਪਰ ਕੁਝ ਲੋਕਾਂ ਨੇ ਆ ਕੇ ਉੱਥੇ ਦਰਿਆ ਵਿੱਚੋਂ ਨਜਾਇਜ਼ ਮਾਈਨਿੰਗ ਦਾ ਰੋਲਾ ਪਾ ਦਿੱਤਾ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸਖਤੀ ਕਰ ਦਿੱਤੀ ਅਤੇ ਉਹਨਾਂ ਦਾ ਕੰਮ ਰੁਕ ਗਿਆ । ਹੁਣ ਨਾ ਤੇ ਉਹ ਆਪਣੇ ਖੇਤ ਵਿੱਚੋਂ ਰੇਤ ਕਢਵਾ ਸਕਦੇ ਹਨ ਤੇ ਨਾ ਹੀ ਇਹਨਾਂ ਨੂੰ ਪੱਧਰੇ ਕਰਵਾ ਕੇ ਅਗਲੀ ਫਸਲ ਬੀਜਣ ਦੇ ਕਾਬਲ ਹੋ ਸਕਦੇ ਹਨ। ਉਹਨਾਂ ਮੰਗ ਕੀਤੀ ਕਿ ਜਿਨਾਂ ਕਿਸਾਨਾਂ ਦੇ ਖੇਤ ਦਰਿਆ ਦੀ ਭੇਂਟ ਚੜ ਚੁੱਕੇ ਹਨ ਉਹਨਾਂ ਕਿਸਾਨਾਂ ਦੇ ਕਿਸਾਨ ਖੇਤਾਂ ਦੀ ਨਿਸ਼ਾਨਦੇਹੀ ਕਰਵਾ ਕੇ ਉਹਨਾਂ ਨੂੰ ਦਰਿਆ ਵਿੱਚੋ ਆਪਣੇ ਖੇਤ ਸਾਫ ਕਰਵਾਉਂਣ ਦੀ ਇਜਾਜ਼ਤ ਦਿੱਤੀ ਜਾਏ ।