ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇਟਲੀ ਦੇ ਸਾਹਿਤਕਾਰਾਂ ਦਾ ਨਵਾਂ ਕਾਵਿ ਸੰਗ੍ਰਹਿ ਕਲਮਾਂ ਦਾ ਸਫ਼ਰ ਲੋਕ ਅਰਪਣ
ਇਟਲੀ 30 ਅਕਤੂਬਰ 2025- ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਭਾ ਦੇ ਸਮੂਹ ਮੈਂਬਰਾਂ ਦਾ ਸਾਂਝਾ ਕਾਵਿ ਸੰਗ੍ਰਹਿ “ਕਲਮਾਂ ਦਾ ਸਫ਼ਰ” ਵੈਰੋਨਾ ਜਿ਼ਲੇ ਦੇ ਸ਼ਹਿਰ ਸਨਬੌਨੀਫਾਚੋ ਵਿਖੇ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ, ਮੀਟਿੰਗ ਦੌਰਾਨ ਇਸ ਕਾਵਿ ਪੁਸਤਕ ਬਾਰੇ ਦਲਜਿੰਦਰ ਸਿੰਘ ਰਹਿਲ ਨੇ ਜਾਣਕਾਰੀ ਦਿੱਤੀ। ਉਹਨਾਂ ਸੰਖੇਪ ਵਿੱਚ ਜ਼ਿਕਰ ਕਰਦਿਆਂ ਦੱਸਿਆ ਕਿ ਸਭਾ ਨਾਲ ਜੁੜੇ ਪੰਦਰਾਂ ਲੇਖਕਾਂ ਦੀਆਂ ਰਚਨਾਵਾਂ ਨੂੰ ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਿਲ ਕੀਤਾ ਹੈ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸੰਪਾਦਿਤ ਇਸ ਪੁਸਤਕ ਨੂੰ ਡੀ ਪੀ ਪਬਲੀਸ਼ਰ ਮੀਡੀਆ ਹਾਊਸ ਅੰਮ੍ਰਿਤਸਰ ਵਲੋਂ ਛਾਪਿਆ ਗਿਆ ਹੈ।
ਬਿੰਦਰ ਕੋਲੀਆਂਵਾਲ ਨੇ ਇਸ ਸਾਹਿਤਕ ਕਾਰਜ ਦੀ ਸਭਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤ ਸਿਰਜਣਾ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ। ਇਸ ਸਮੇਂ ਸ਼ਾਮਿਲ ਹੋਰ ਮੈਂਬਰਾਂ ਵਿੱਚ ਪ੍ਰੋ ਜਸਪਾਲ ਸਿੰਘ, ਰਾਜੂ ਹਠੂਰੀਆ, ਰਾਣਾ ਅਠੌਲਾ, ਬਲਵਿੰਦਰ ਸਿੰਘ ਚਾਹਲ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਕਰਮਜੀਤ ਕੌਰ ਰਾਣਾ, ਜਸਵਿੰਦਰ ਕੌਰ ਮਿੰਟੂ, ਮਲਕੀਅਤ ਸਿੰਘ ਹਠੂਰੀਆ , ਗੁਰਲੀਨ ਕੌਰ , ਗੁਰਵਿੰਦਰ ਸਿੰਘ , ਹਰਕੀਰਤ ਸਿੰਘ ਖੱਖ ਨਰਿੰਦਰ ਪਾਲ ਸਿੰਘ ਪੰਨੂ ਆਦਿ ਵੀ ਹਾਜ਼ਰ ਸਨ।