ਸੇਂਟ ਕਬੀਰ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਧਾਰਮਿਕ ਪ੍ਰੀਖਿਆ ਦੌਰਾਨ ਭਾਰਤ ਵਿੱਚੋਂ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ
ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਹਾਸਿਲ ਕਰਦੀਆਂ ਹੋਈਆਂ ਵਿਦਿਆਰਥਣਾਂ
ਰੋਹਿਤ ਗੁਪਤਾ
ਗੁਰਦਾਸਪੁਰ 29 ਅਕਤੂਬਰ : ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- ਗੁਰਦਾਸਪੁਰ ਦੀਆਂ ਵਿਦਿਆਰਥਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੁਆਰਾ ਲਈ ਗਈ ਧਾਰਮਿਕ ਪ੍ਰੀਖਿਆ(ਦਰਜਾ ਦੂਜਾ) ਦੌਰਾਨ ਪੂਰੇ ਭਾਰਤ ਭਰ ਵਿੱਚੋਂ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦੇ ਮਾਣ ਵਿੱਚ ਵਾਧਾ ਕੀਤਾ ਹੈ।

ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਨੇ ਦੱਸਿਆ ਕਿ ਲਗਭਗ 60 ਹਜਾਰ ਵਿਦਿਆਰਥੀਆਂ ਦੁਆਰਾ ਦਿੱਤੀ ਗਈ ਇਸ ਧਾਰਮਿਕ ਪ੍ਰੀਖਿਆ ਵਿੱਚੋਂ ਸਾਡੇ ਸਕੂਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਸਪੁੱਤਰੀ ਸਿਮਰਨ ਸਿੰਘ ਵਾਸੀ ਕੋਟ ਟੋਡਰਮਲ ਨੇ ਪੂਰੇ ਭਾਰਤ ਭਰ ਤੋਂ ਦੂਸਰਾ ਸਥਾਨ ਲੈ ਕੇ 4100 ਰੁਪਏ ਨਕਦ ਰਾਸ਼ੀ ਦਾ ਇਨਾਮ ਅਤੇ ਲਵਪ੍ਰੀਤ ਸੰਧੂ ਸਪੁੱਤਰੀ ਗੁਰਤੇਜ ਸਿੰਘ ਵਾਸੀ ਖਾਰਾ ਨੇ ਤੀਸਰਾ ਸਥਾਨ ਲੈ ਕੇ 3100 ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਪ੍ਰਾਪਤ ਕਰਕੇ ਆਪਣੇ ਮਜ਼ਬੂਤ ਸੰਕਲਪ ਦਾ ਸਬੂਤ ਦਿੱਤਾ ਹੈ।
ਸਕੂਲ ਪਹੁੰਚਣ ਤੇ ਪ੍ਰਿੰਸੀਪਲ ਨਾਯਰ ਜੀ, ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਅਤੇ ਸਟਾਫ਼ ਮੈਂਬਰਾਂ ਦੁਆਰਾ ਵਿਦਿਆਰਥੀਆਂ ਨੂੰ ਉਹਨਾਂ ਦੀ ਸਖ਼ਤ ਮਿਹਨਤ ਤੇ ਕਾਮਯਾਬੀ ਲਈ ਵਧਾਈ ਦਿੱਤੀ ਗਈ। ਇਸ ਮੌਕੇ ਉਹਨਾਂ ਵਿਦਿਆਰਥਣਾਂ ਨੂੰ ਹਮੇਸ਼ਾ ਪੜ੍ਹਾਈ ਦੇ ਨਾਲ- ਨਾਲ ਧਾਰਮਿਕ ਸਿੱਖਿਆ ਵਿੱਚ ਇਸੇ ਤਰ੍ਹਾਂ ਮਜ਼ਬੂਤੀ ਬਣਾਈ ਰੱਖਣ ਤੇ ਧਰਮ ਤੇ ਵਿਰਸੇ ਨੂੰ ਸਾਂਭਣ ਦੀ ਪ੍ਰੇਰਨਾ ਵੀ ਦਿੱਤੀ।
