ਫਗਵਾੜਾ ਵਿਖੇ ਸਫ਼ਲ ਕਵੀ ਦਰਬਾਰ ਦਾ ਆਯੋਜਨ
ਫਗਵਾੜਾ, 29 ਅਕਤੂਬਰ ( ) - ਇੱਕ ਸਫ਼ਲ ਕਵੀ ਦਰਬਾਰ ਦਾ ਆਯੋਜਨ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਸਕੇਪ ਸਾਹਿਤਕ ਸੰਸਥਾ ਵਲੋਂ ਫਗਵਾੜਾ ਵਲੋਂ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ, ਪ੍ਰਧਾਨ ਰਵਿੰਦਰ ਚੋਟ, ਕਹਾਣੀਕਾਰ ਕਰਮਜੀਤ ਸਿੰਘ ਸੰਧੂ, ਗੀਤਕਾਰ-ਗਾਇਕ ਤੇ ਗ਼ਜ਼ਲਗੋ ਗੁਰਮੁਖ ਲੋਕਪ੍ਰੇਮੀ, ਅਤੇ ਸ਼ਾਇਰ ਉਰਮਲਜੀਤ ਸਿੰਘ ਵਾਲੀਆ ਸ਼ਾਮਲ ਸਨ। ਸਟੇਜ ਸੰਚਾਲਨ ਦਾ ਸਫ਼ਲ ਨਿਭਾਅ ਕਮਲੇਸ਼ ਸੰਧੂ ਵੱਲੋਂ ਕੀਤਾ ਗਿਆ। ਕਵੀ ਦਰਬਾਰ ਦਾ ਅਰੰਭ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਵੱਲੋਂ ਸਭ ਹਾਜ਼ਰੀਨ ਨੂੰ "ਜੀ ਆਇਆਂ " ਆਖ ਕੇ ਕੀਤਾ ਗਿਆ।ਹਾਜ਼ਰ ਸਾਹਿਤਕਾਰਾਂ ਵੱਲੋਂ ਕਵਿਤਾ, ਗ਼ਜ਼ਲ ਅਤੇ ਗੀਤਾਂ ਰਾਹੀਂ ਪਿਆਰ, ਮਨੁੱਖਤਾ, ਸਮਾਜਿਕ ਜਾਗਰੂਕਤਾ, ਕੁਦਰਤ,ਧਰਮ ਅਤੇ ਦੇਸ਼ਭਗਤੀ ਦੇ ਸੁਨੇਹੇ ਸਾਂਝੇ ਕੀਤੇ ਗਏ।
ਸਰੋਤਿਆਂ ਨੇ ਹਰ ਰਚਨਾ ਨੂੰ ਗਹਿਰਾਈ ਨਾਲ਼ ਮਾਣਿਆਂ ਅਤੇ ਤਾਲੀਆਂ ਨਾਲ਼ ਸਨਮਾਨ ਦਿੱਤਾ।ਕਵੀ ਦਰਬਾਰ ਦਾ ਆਗਾਜ਼ ਸੁਖਦੇਵ ਸਿੰਘ ਗੰਢਵਾ ਨੇ ਗੀਤ "ਐਬ ਨਸ਼ਿਆਂ ਦੇ ਜਿਸਮ 'ਚ ਜ਼ਹਿਰ ਭਰਦੇ" ਖ਼ੂਬਸੂਰਤੀ ਨਾਲ਼ ਗਾ ਕੇ ਨਸ਼ਿਆਂ ਦੇ ਕੋਹੜ ਤੋਂ ਖ਼ੁਦ ਨੂੰ ਦੂਰ ਰੱਖਣ ਦਾ ਸੁਨੇਹਾ ਦੇ ਕੇ ਖ਼ੂਬਸੂਰਤ ਢੰਗ ਨਾਲ਼ ਕੀਤਾ।ਸ਼ਾਮ ਸਰਗੂੰਦੀ ਨੇ ਪ੍ਰੇਮ, ਸੰਵੇਦਨਾ ਅਤੇ ਰੂਹਾਨੀ ਮੁਲਾਕਾਤ ਦੇ ਇਰਦ-ਗਿਰਦ ਘੁੰਮਦੀ ਕਵਿਤਾ “ ਅਸਾਂ ਦੇ ਰੂ-ਬ-ਰੂ ਹੋ ਕੇ” ਰਾਹੀਂ ਦਿਲ ਦੀ ਰੋਮਾਂਟਿਕ ਤੇ ਭਾਵਪ੍ਰਵਾਹ ਖ਼ਾਹਿਸ਼, ਮਿਲ਼ਨ ਦੀ ਆਰਜ਼ੂ ਦਾ ਪ੍ਰਗਟਾਵਾ ਸ਼ਾਨਦਾਰ ਸੁਰੀਲੇ ਅੰਦਾਜ਼ ਵਿੱਚ ਕੀਤਾ। ਰਵਿੰਦਰ ਸਿੰਘ ਰਾਏ ਨੇ ਆਪਣੀ ਗ਼ਜ਼ਲ ਵਿੱਚ ਜੀਵਨ ਦੇ ਸੱਚ, ਸਹਿਮੀਆਂ ਹੋਈਆਂ ਸੱਚਾਈਆਂ ਤੇ ਇਨਸਾਨੀ ਰਿਸ਼ਤਿਆਂ ਦੀ ਗਹਿਰਾਈ ਦੱਸੀ।ਉਰਮਲਜੀਤ ਸਿੰਘ ਵਾਲੀਆ ਦੀ ਗ਼ਜ਼ਲ ਨੇ ਸਮਾਜਿਕ ਸੱਚਾਈ ਤੇ ਨੈਤਿਕ ਪਤਨ ਨੂੰ ਛੂਹਿਆ।ਜਸਵਿੰਦਰ ਕੌਰ ਫਗਵਾੜਾ ਨੇ ਰੂਹ ਦੀ ਗਹਿਰਾਈ ਨੂੰ ਛੂਹ ਜਾਣ ਵਾਲ਼ੀ ਲਾਜਵਾਬ ਗ਼ਜ਼ਲ ਦੇ ਸ਼ਿਅਰਾਂ ਰਾਹੀਂ ਮਾਵਾਂ ਦੀ ਮਮਤਾ,ਪਵਿੱਤਰ ਅਤੇ ਰੂਹਾਨੀ ਪਿਆਰ, ਅਧਿਆਤਮ, ਇਨਸਾਨੀਅਤ, ਮਨੁੱਖੀ ਸੰਵੇਦਨਾਵਾਂ ਅਤੇ ਰੂਹਾਨੀ ਸੁੰਦਰਤਾ ਦੀ ਖ਼ੁਸ਼ਬੂ ਖਿੰਡਾਈ।
ਹਰਜਿੰਦਰ ਨਿਆਣਾ ਦੀ ਗੀਤਮਈ ਰਚਨਾ “ਸੱਜਣ ਪਿਆਰੇ ਮਿਲਦੇ ਗਿਲਦੇ ਰਿਹਾ ਕਰੋ” ਸੁੰਦਰ ਅਲਫ਼ਾਜ਼ਾਂ ਵਿੱਚ ਇੱਕ ਮਿੱਠੀ ਰੂਹਾਨੀ ਸਾਦਗੀ ਭਰਪੂਰ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਦੀ ਸੁਰੀਲੀ ਅਪੀਲ ਹੋ ਨਿੱਬੜੀ।ਇਸ ਕਵਿਤਾ ਦੇ ਹਰ ਬੰਦ ਵਿੱਚ ਇਕ ਜੀਵਨ ਸਬਕ - ਕਦੇ ਹੱਸਣ ਦਾ, ਕਦੇ ਮਾਫ਼ ਕਰਨ ਦਾ, ਕਦੇ ਗ਼ਮ ਸਾਂਝੇ ਕਰਨ ਦਾ ਸਮੋਇਆ ਹੋਇਆ ਹੈ।ਬਲਬੀਰ ਕੌਰ ਬੱਬੂ ਸੈਣੀ ਨੇ ਬਾਕਮਾਲ ਗ਼ਜ਼ਲ ਦੇ ਸ਼ਿਅਰਾਂ ਵਿੱਚ ਜੀਵਨ ਦੀ ਅਸਥਿਰਤਾ ਜਿਹੇ ਗਹਿਰੇ ਸੱਚ ਤੇ ਅਸਲੀਅਤ ਨੂੰ ਬੜੇ ਸਾਦਾ ,ਸ਼ਾਂਤ ,ਪਰ ਦਰਦਨਾਕ ਅੰਦਾਜ਼ ਵਿੱਚ ਪੇਸ਼ ਕੀਤਾ।ਹਰ ਸ਼ਿਅਰ ਵਿੱਚ ਹੌਂਸਲੇ, ਕਰਮ, ਅੰਤਿਮ ਸੱਚਾਈ ਅਤੇ ਅਸਥਿਰਤਾ ਭਰੇ ਜੀਵਨ-ਦਰਸ਼ਨ ਨੂੰ ਦਰਸਾਇਆ। ਦਲਜੀਤ ਮਹਿਮੀ ਕਰਤਾਰਪੁਰ ਦੀ ਗ਼ਜ਼ਲ ਨੇ ਸਰੋਤਿਆਂ ਵਿੱਚ ਹੌਂਸਲੇ, ਬਗ਼ਾਵਤ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਸੰਚਾਰ ਕੀਤਾ। ਹਰ ਸ਼ਿਅਰ ਵਿੱਚ ਸੱਚ ਦੀ ਚਿਣਗ,ਦਿਲ ਅਤੇ ਸਿਸਟਮ 'ਤੇ ਕਰਾਰੀ ਚੋਟ ਮਾਰੀ ਗਈ ਸੀ।ਮਹਿਮੀ ਨੇ ਤਿੱਖੇ ਤੇ ਬੇਬਾਕ ਅੰਦਾਜ਼ ਵਿੱਚ ਸਮਾਜਿਕ ਕਾਇਰਤਾ, ਧਾਰਮਿਕ ਪਖੰਡ, ਰਾਜਨੀਤਿਕ ਧੋਖੇ ਅਤੇ ਇਨਸਾਨੀ ਅਸਮਾਨਤਾ ਦੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ। ਬਾਲ ਕਵੀ ਅਸ਼ੀਸ਼ ਪਾਲ ਨੇ ਕਵਿਤਾ “ਭਾਰਤ ਦੇ ਯੋਧੇ ਬੜੇ ਮਹਾਨ” ਅਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਭਾਵਨਾ ਨੇ ਖ਼ੂਬਸੂਰਤ ਰਚਨਾ “ਕੁਦਰਤ" ਸੁਣਾ ਕੇ ਸਰੋਤਿਆਂ ਤੋਂ ਖ਼ੂਬ ਵਾਹ - ਵਾਹ ਬਟੋਰੀ।
ਲਾਲੀ ਕਰਤਾਰਪੁਰੀ ਨੇ ਆਪਣੇ ਗੀਤ ਵਿੱਚ ਪੁਰਾਣੇ ਪੰਜਾਬੀ ਵਿਰਸੇ ਨੂੰ ਭਾਵਪੂਰਤ ਢੰਗ ਨਾਲ ਬਿਆਨ ਕੀਤਾ। ਓਮ ਪ੍ਰਕਾਸ਼ ਸੰਦਲ ਨੇ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਬਲਦੇਵ ਰਾਜ ਕੋਮਲ ਦੀ ਗ਼ਜ਼ਲ ਪੇਸ਼ ਕਰ ਕੇ ਸਭ ਨੂੰ ਕੀਲ ਲਿਆ।ਕਮਲੇਸ਼ ਸੰਧੂ ਨੇ ਛੋਟੀ ਪਰ ਪ੍ਰਭਾਵਸ਼ਾਲੀ ਰਚਨਾ "ਪੰਜਾਬ" ਰਾਹੀਂ ਪੰਜਾਬ ਦੇ ਹੌਸਲੇ, ਪਿਆਰ, ਸ਼ਾਨ ਅਤੇ ਜੁਝਾਰੂਪਣ ਨੂੰ ਪੇਸ਼ ਕੀਤਾ। ਬਲਦੇਵ ਰਾਜ ਕੋਮਲ, ਜੱਸ ਸਰੋਆ, ਗੁਰਦੀਪ ਸਿੰਘ ਉਜਾਲਾ, ਡਾ. ਇੰਦਰਜੀਤ ਸਿੰਘ ਵਾਸੂ,ਰਵਿੰਦਰ ਚੋਟ, ਦਵਿੰਦਰ ਸਿੰਘ ਜੱਸਲ, ਗੁਰਮੁੱਖ ਲੁਹਾਰ, ਕਰਮਜੀਤ ਸਿੰਘ ਸੰਧੂ, ਗੁਰਮੁੱਖ ਲੋਕਪ੍ਰੇਮੀ, ਸੋਢੀ ਸੱਤੋਵਾਲੀ ਨੇ ਆਪਣੀਆਂ ਅਰਥ ਭਰਪੂਰ ਰਚਨਾਵਾਂ ਦੀ ਖ਼ੂਬਸੂਰਤ ਪੇਸ਼ਕਾਰੀ ਰਾਹੀਂ ਕਵੀ ਦਰਬਾਰ ਦੀ ਸ਼ੋਭਾ ਵਧਾਈ।ਪ੍ਰਧਾਨਗੀ ਮੰਡਲ ਵੱਲੋਂ ਹਰੇਕ ਸ਼ਾਇਰ ਅਤੇ ਕਵੀ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਸੰਸਥਾ ਮੈਂਬਰ ਮੈਡਮ ਸਿਮਰਤ ਕੌਰ ਦੀ ਧੀ ਗੁਰਨੂਰ ਕੌਰ ਦਾ ਜਨਮ ਦਿਵਸ ਵੀ ਸਮੂਹ ਸੰਸਥਾ ਮੈਂਬਰਾਂ ਵੱਲੋਂ ਮਨਾਇਆ ਗਿਆ ਅਤੇ ਉਸ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।ਸਮਾਗਮ ਦੇ ਅੰਤ ਵਿੱਚ ਆਪਸੀ ਗੱਲਬਾਤ ਤੇ ਚਾਹ-ਚਰਚਾ ਰਾਹੀਂ ਇਹ ਸਾਂਝੀ ਕਵਿਤਾ ਦੀ ਸ਼ਾਮ ਯਾਦਗਾਰ ਬਣ ਨਿੱਬੜੀ।