ਪੱਤਰਕਾਰ ਨੂੰ ਨਸ਼ਾ ਤਸਕਰਾਂ ਵਲੋਂ ਗੋਲੀ ਮਾਰਨ ਦੀਆਂ ਧਮਕੀਆਂ ਦੇਣ ਖਿਲਾਫ ਵਫਦ ਏ.ਡੀ.ਸੀ ਨੂੰ ਮਿਲਿਆ
ਪੁਲਿਸ ਨੇ ਦੱਸਿਆ ਆਪਸੀ ਦੁਸ਼ਮਣੀ
ਜਗਰਾਓਂ, 28 ਅਕਤੂਬਰ (ਦੀਪਕ ਜੈਨ) ਇਕ ਚੈਨਲ ਦੇ ਪੱਤਰਕਾਰ ਵਲੋਂ ਨਸ਼ਾ ਤਸਕਰ ਦੇ ਖਿਲਾਫ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਖਬਰ ਚਲਾਉਣ ਮਗਰੋਂ ਜਦੋਂ ਉਕਤ ਨਸ਼ਾ ਤਸਕਰ ਨੇ ਪੱਤਰਕਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤਾਂ ਪੱਤਰਕਾਰ ਵਲੋਂ ਇਸ ਦੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਕੀਤੀ ਗਈ ਪਰ ਥਾਣਾ ਹਠੂਰ ਦੇ ਐਸ.ਐਚ.ਓ ਅਤੇ ਸਬ ਡਿਵੀਜ਼ਨ ਰਾਏਕੋਟ ਦੇ ਡੀ.ਐਸ.ਪੀ ਵਲੋਂ ਵੀ ਜਦੋਂ ਉਕਤ ਨਸ਼ਾ ਤਸਕਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਅੱਜ ਉਕਤ ਪੱਤਰਕਾਰ ਮਨਦੀਪ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਸਥਾਨਕ ਏ.ਡੀ.ਸੀ ਜਗਰਾਓਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਲਈ ਪਹੁੰਚਿਆ। ਦੂਜੇ ਪਾਸੇ ਏ.ਡੀ.ਸੀ ਨੂੰ ਮਿਲਣ ਆਏ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਅਤੇ ਸਮਾਜਿਕ ਅਤੇ ਲੋਕ ਭਲਾਈ ਜਥੇਬੰਦੀਆਂ ਵਲੋਂ ਭਾਰੀ ਇਕੱਠ ਕਰਕੇ ਏ.ਡੀ.ਸੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਉਕਤ ਨਸ਼ਾ ਤਸਕਰ ਦੇ ਖਿਲਾਫ ਬਣਦੀ ਲੋੜੀਦੀ ਕਾਰਵਾਈ ਕਰਨ ਅਤੇ ਥਾਣਾ ਹਠੂਰ ਦੇ ਐਸ.ਐਚ.ਓ ਤੋਂ ਇਲਾਵਾ ਸਬ ਡਿਵੀਜ਼ਨ ਰਾਏਕੋਟ ਦੇ ਡੀ.ਐਸ.ਪੀ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਗਈ। ਏ.ਡੀ.ਸੀ ਦਫਤਰ ਦੇ ਬਾਹਰ ਇਕੱਠੀਆਂ ਹੋਈਆਂ ਜੱਥੇਬੰਦੀਆਂ ਦੇ ਆਗੂਆਂ ਨੇ ਨਸ਼ਾ ਤਸਕਰਾਂ ਨਾਲ ਪੁਲਿਸ ਅਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਦੀ ਵੀ ਚਰਚਾ ਕੀਤੀ ਅਤੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਦਫਤਰ ਦੇ ਬਾਹਰ ਧਰਨਾ ਵੀ ਲਗਾਈ ਰੱਖਿਆ। ਸਟੇਜ ਸਕੱਤਰ ਦੀ ਭੂਮਿਕਾ ਸਾਹਿਲਦੀਪ ਸਿੰਘ ਨੇ ਨਿਭਾਈ। ਅੱਜ ਦੇ ਰੋਸ ਮੁਜਾਹਰੇ ਵਿਚ ਮਨਿੰਦਰਜੀਤ ਸਿੱਧੂ, ਜੱਸ ਗਰੇਵਾਲ, ਬਲਰਾਜ ਮੌੜ, ਸੁਖਪਰੀਤ ਮੌੜ, ਕਲਪਨਾ, ਅਲੀਸ਼ਾ, ਜਗਤਾਰ ਸਰਾਂ, ਹਿੰਮਤਾਜ, ਮੋਹਨ ਔਲਖ, ਡਾ. ਬਖ਼ਸ਼ੀਸ਼ ਆਜ਼ਾਦ, ਅਰੁਣ, ਹਰਪ੍ਰੀਤ ਸਿੰਘ ਕੈਹਲ, ਜਸਵਿੰਦਰ ਛਿੰਦਾ, ਗੁਰਦੀਪ ਸਿੰਘ ਮੋਤੀ, ਨਿਰਭੈ ਸਿੰਘ ਢੁੱਡੀਕੇ, ਕੰਵਲਜੀਤ ਖੰਨਾ, ਕਰਮਜੀਤ ਮਾਣੂੰਕੇ, ਪਵਨ ਕੁਮਾਰ, ਹਰਦੇਵ ਸਿੰਘ ਸੰਧੂ, ਅਵਤਾਰ ਸਿੰਘ ਤਾਰੀ, ਜੋਗਿੰਦਰ ਆਜ਼ਾਦ, ਸੁਦਾਗਰ ਸਿੰਘ ਘੁਡਾਣੀ, ਜਗਤਾਰ ਸਿੰਘ ਦੇਹੜਕਾ, ਅਸ਼ੋਕ ਭੰਡਾਰੀ, ਸੁੱਖ ਜਗਰਾਓਂ ਹਾਜ਼ਰ ਸਨ।
ਰੰਜਿਸ਼ ਕਾਰਨ ਆਪਸ ਵਿਚ ਸੀ ਦੁਸ਼ਮਣੀ: ਐਸ.ਪੀ ਦਿਓਲ
ਜਿਸ ਤੇ ਪੁਲਿਸ ਨਾਲ ਲੁਧਿਆਣਾ ਦਿਹਾਤੀ ਦੇ ਐਸ.ਪੀ ਰਮਨਇੰਦਰ ਸਿੰਘ ਦਿਓਲ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਿਸ ਵਿਅਕਤੀ ਨੂੰ ਨਸ਼ੇ ਨਾਲ ਮੌਤ ਹੋਣ ਦਾ ਕਾਰਨ ਦੱਸਿਆ ਗਿਆ ਹੈ ਉਕਤ ਵਿਅਕਤੀ ਕਾਫੀ ਲੰਮੇ ਸਮੇਂ ਤੋਂ ਬਿਸਤਰੇ ਉੱਤੇ ਪਿਆ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਦੇ ਕਾਬਲ ਹੀ ਨਹੀਂ ਸੀ। ਉਕਤ ਪੱਤਰਕਾਰ ਅਤੇ ਪੱਤਰਕਾਰ ਵਲੋਂ ਜਿਸ ਨੂੰ ਨਸ਼ਾ ਤਸਕਰ ਦੱਸਿਆ ਜਾ ਰਿਹਾ ਹੈ ਇਹ ਪਹਿਲਾਂ ਦੋਨੇ ਆਪਸ ਵਿਚ ਦੋਸਤ ਸਨ ਅਤੇ ਕਿਸੇ ਰੰਜਿਸ਼ ਕਾਰਨ ਇਹਨਾਂ ਦੀ ਆਪਸ ਵਿਚ ਦੁਸ਼ਮਣੀ ਪੈ ਗਈ। ਜਿਸ ਕਾਰਨ ਪੱਤਰਕਾਰ ਵਲੋਂ ਕਿੜ ਕੱਢਣ ਲਈ ਆਪਣੇ ਪੁਰਾਣੇ ਦੋਸਤ ਦੇ ਖਿਲਾਫ ਹੀ ਨਸ਼ਾ ਤਸਕਰੀ ਦਾ ਇਲਜ਼ਾਮ ਲਗਾ ਕੇ ਖਬਰਾਂ ਲਗਾਈਆਂ ਗਈਆਂ ਹਨ, ਜੋ ਕਿ ਝੂਠੀਆਂ ਅਤੇ ਬੇਬੁਨਿਆਦ ਹਨ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪੂਰੇ ਜ਼ਿਲੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਕਰਦਿਆਂ ਹੋਇਆਂ ਜਿੱਥੇ ਵੱਡੀ ਗਿਣਤੀ ਵਿਚ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕਿਆ ਗਿਆ ਹੈ ਉਥੇ ਕਰੋੜਾਂ ਰੁਪਇਆ ਦੀਆਂ ਉਹਨਾਂ ਦੀਆਂ ਬਣਾਈਆਂ ਜਾਇਦਾਦਾਂ ਨੂੰ ਵੀ ਫਰੀਜ ਕੀਤਾ ਗਿਆ ਹੈ।
ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕਿਆ: ਗੁਰਜੰਟ
ਇਸ ਮੌਕੇ ਬਲਾਕ ਹਠੂਰ ਦੇ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਬਲਾਕ ਕੋਆਰਡੀਨੇਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਜਿੱਥੇ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ ਉਥੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰ ਇਲਾਕਾ ਛੱਡ ਕੇ ਰੂਪੋਸ਼ ਹੋ ਗਏ ਹਨ ਅਤੇ ਇਲਾਕੇ ਵਿੱਚ ਨਸ਼ੇ ਦੀ ਵਿਕਰੀ ਉੱਪਰ ਕਾਫੀ ਠੱਲ ਪਈ ਹੈ। ਉਹਨਾਂ ਪੱਤਰਕਾਰ ਅਤੇ ਪੱਤਰਕਾਰ ਵਲੋਂ ਜਿਸ ਵਿਅਕਤੀ ਨੂੰ ਨਸ਼ਾ ਤਸਕਰ ਦੱਸਿਆ ਜਾ ਰਿਹਾ ਹੈ ਉਨਾਂ ਦੀ ਕਿਸੇ ਆਪਸੀ ਰੰਜਿਸ਼ ਨੂੰ ਹੀ ਦੱਸਦਿਆਂ ਹੋਇਆਂ ਪੱਤਰਕਾਰ ਨੂੰ ਹੀ ਝੂਠੀ ਅਤੇ ਬੇਬੁਨਿਆਦ ਖਬਰ ਲਗਾਉਣ ਦਾ ਕਸੂਰਵਾਰ ਮੰਨਿਆ ਹੈ। ਕਿਉਂਕਿ ਜਿਸ ਵਿਅਕਤੀ ਨੂੰ ਉਹ ਨਸ਼ਾ ਤਸਕਰ ਦੱਸ ਰਿਹਾ ਹੈ ਉਸ ਦੇ ਖਿਲਾਫ ਪਿੰਡ ਦੇ ਕਾਫੀ ਵਿਅਕਤੀਆਂ ਵੱਲੋਂ ਉਸ ਦੀ ਨੇਕ ਚੱਲਣੀ ਦੀ ਗਵਾਹੀ ਦਿੱਤੀ ਗਈ ਹੈ।