ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਮਾਤਾ ਸਾਹਿਬ ਕੌਰ ਦੇ ’ਜੋੜਾ ਸਾਹਿਬ’ ਨੂੰ ਲੈ ਕੇ ਪਟਨਾ ਸਾਹਿਬ ਲਈ ਰਵਾਨਾ ਹੋਈ ''ਚਰਨ ਸੁਹਾਵੇ ਗੁਰ ਚਰਨ ਯਾਤਰਾ''
ਪ੍ਰਧਾਨ ਮੰਤਰੀ ਨੇ ਸੰਗਤ ਨੂੰ ਰਸਤੇ ਵਿਚ ’ਜੋੜਾ ਸਾਹਿਬ’ ਦੇ ਦਰਸ਼ਨਾਂ ਦੀ ਕੀਤੀ ਅਪੀਲ
ਜਥੇਦਾਰ ਅਕਾਲ ਤਖ਼ਤ ਸਾਹਿਬ, ਜਥੇਦਾਰ ਤਖ਼ਤ ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਕਮੇਟੀ, ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਸਮੇਤ ਪੰਥ ਦੀਆਂ ਸਾਰੀਆਂ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਯਾਤਰਾ ਸ਼ੁਰੂ ਕਰਨ ਮੌਕੇ ਹੋਏ ਸ਼ਾਮਲ, ਹਰਦੀਪ ਪੁਰੀ ਅਤੇ ਪਰਿਵਾਰ ਦਾ ਕੀਤਾ ਸਨਮਾਨ
ਹਵਾਈ ਫੌਜ ਮੁਖੀ ਏਅਰ ਮਾਰਸ਼ਲ ਏ ਪੀ ਸਿੰਘ, ਐਮ ਪੀ ਬੰਸੁਰੀ ਸਵਰਾਜ ਸਮੇਤ ਹੋਰ ਸ਼ਖਸੀਅਤਾਂ ਵੀ ਸ਼ਾਮਲ
ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਜਿਹਨਾਂ ਪਰਿਵਾਰਾਂ ਕੋਲ ਵੀ ਹਨ, ਉਹ ਪੰਥ ਦੇ ਸਪੁਰਦ ਕਰਨ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਨਵੀਂ ਦਿੱਲੀ, 24 ਅਕਤੂਬਰ: ਦਸਮ ਪਿਤਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ’ਜੋੜਾ ਸਾਹਿਬ’ ਨੂੰ ਲੈ ਕੇ ਚਰਨ ਸੁਹਾਵੇ ਗੁਰ ਚਰਨ ਯਾਤਰਾ ਅੱਜ ਜੈਕਾਰਿਆਂ ਦੀ ਗੂੰਜ ਵਿਚ ਅੱਜ ਇਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਈ।
ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਚ ਅਰਦਾਸ ਕੀਤੀ ਗਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਈ ਗਈ ਗੱਡੀ ਵਿਚ ਸੁਸ਼ੋਭਿਤ ਕੀਤਾ ਗਿਆ।
ਇਹ ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਦੇ ’ਜੋੜਾ ਸਾਹਿਬ’ ਪੰਥ ਨੂੰ ਸੌਂਪਣ ਵਾਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਉਹਨਾਂ ਦਾ ਪਰਿਵਾਰ ਦਾ ਪੰਥ ਦੀਆਂ ਸਮੂਹ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸਾਂਝੇ ਤੌਰ ’ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਐਡੀਸ਼ਨਲ ਹੈਡ ਗ੍ਰੰਥੀ ਗੁਰਦਿਆਲ ਸਿੰਘ, ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਮਾਰਸ਼ਲ ਏ ਪੀ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਤੋਂ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਮੀਤ ਪ੍ਰਧਾਨ ਗੁਰਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਰਦਾਰ ਅਮਰਜੀਤ ਸਿੰਘ ਚਾਵਲਾ, ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਮੈਂਬਰ ਪਾਰਲੀਮੈਂਟ ਬੰਸੁਰੀ ਸਵਰਾਜ, ਉੱਘੇ ਵਕੀਲ ਐਚ ਐਸ ਫੁਲਕਾ ਸਮੇਤ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਇਹ ਯਾਤਰਾ ਨਗਰ ਕੀਰਤਨ ਦੇ ਰੂਪ ਵਿਚ ਅੱਜ ਰਾਤ ਫਰੀਦਾਬਾਦ ਪਹੁੰਚੇਗੀ ਜਿਥੋਂ ਭਲਕੇ ਇਹ ਆਗਰਾ ਲਈ ਰਵਾਨਾ ਹੋਵੇਗੀ। 25 ਅਕਤੂਬਰ ਨੂੰ ਆਗਰਾ ਤੋਂ ਬਰੇਲੀ, 26 ਅਕਤੂਬਰ ਨੂੰ ਬਰੇਲੀ ਤੋਂ ਮਹਾਨਗਾਪੁਰ, 27 ਨੂੰ ਲਖਨਊ, 28 ਨੂੰ ਕਾਨਪੁਰ, 29 ਨੂੰ ਪ੍ਰਿਆਗਰਾਜ, 30 ਨੂੰ ਵਾਰਾਨਸੀ ਤੋਂ ਸਾਸਾਰਾਮ ਤੋਂ ਹੁੰਦੀ ਹੋਈ 31 ਅਕਤੂਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਪਟਨਾ ਸਾਹਿਬ ਵਿਖੇ ਪਹੁੰਚੇਗੀ ਅਤੇ 1 ਨਵੰਬਰ ਦੀ ਸਵੇਰ ਨੂੰ ਇਹ ਤਖ਼ਤ ਸ੍ਰੀ ਪਟਨਾ ਸਾਹਿਬ ਪਹੁੰਚੇਗੀ।
ਇਸ ਤੋਂ ਪਹਿਲਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਗੁਰੂ ਸਾਹਿਬ ਦੇ ’ਜੋੜਾ ਸਾਹਿਬ’ ਪੰਥ ਦੇ ਸਪੁਰਦ ਕਰਨ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ 300 ਸਾਲਾਂ ਤੋਂ ਪੁਰੀ ਪਰਿਵਾਰ ਜੋੜਾ ਸਾਹਿਬ ਦੀ ਸੇਵਾ ਕਰਦਾ ਆ ਰਿਹਾ ਸੀ। ਉਹਨਾਂ ਦੱਸਿਆ ਕਿ ਉਚ ਪੱਧਰੀ ਕਮੇਟੀ ਵੱਲੋਂ ਲਏ ਫੈਸਲੇ ਮੁਤਾਬਕ ਇਹ ਜੋੜਾ ਸਾਹਿਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਣਗੇ। ਉਹਨਾਂ ਨੇ ਸਮੂਹ ਸੰਗਤ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਪਰਿਵਾਰ ਕੋਲ ਗੁਰੂ ਸਾਹਿਬਾਨ ਨਾਲ ਸਬੰਧਤ ਕੋਈ ਵੀ ਨਿਸ਼ਾਨੀ ਹੈ ਤਾਂ ਉਹ ਪੰਥ ਦੇ ਸਪੁਰਦ ਕੀਤੀਆਂ ਜਾਣ ਤਾਂ ਜੋ ਸੰਗਤਾਂ ਉਹਨਾਂ ਦੇ ਦਰਸ਼ਨ ਕਰ ਸਕਣ। ਉਹਨਾਂ ਇਹ ਵੀ ਕਿਹਾ ਕਿ ਇਹ ਸਮੁੱਚੇ ਪੰਥ ਲਈ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਇਹ ਚਰਨ ਸੁਹਾਵਾ ਗੁਰ ਚਰਨ ਯਾਤਰਾ ਦੀ ਸ਼ੁਰੂ ਕਰਨ ਮੌਕੇ ਪੰਥ ਦੀਆਂ ਸਾਰੀਆਂ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਪੂਰੀ ਇਕਜੁੱਟਤਾ ਨਾਲ ਸ਼ਾਮਲ ਹੋਏ ਹਨ। ਉਹਨਾਂ ਕਿਹਾ ਕਿ ਸਿਆਸੀ ਵੱਖਰੇਵੇਂ ਅਲੱਗ ਗੱਲ ਹਨ ਪਰ ਜਦੋਂ ਪੰਥ ਦੀ ਗੱਲ ਆਵੇ ਤਾਂ ਸਾਨੂੰ ਸਭ ਨੂੰ ਇਸੇ ਤਰੀਕੇ ਇਕਜੁੱਟ ਹੋਣਾ ਚਾਹੀਦਾ ਹੈ।
ਇਸ ਦੌਰਾਨ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਕ ਟਵੀਟ ਕਰ ਕੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਥੋਂ ਜਿਥੋਂ ਵੀ ਇਹ ਚਰਨ ਸੁਹਾਵਾ ਗੁਰ ਚਰਨ ਯਾਤਰਾ ਗੁਜਰੇਗੀ, ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿਚ ’ਜੋੜਾ ਸਾਹਿਬ’ ਦੇ ਦਰਸ਼ਨ ਕਰ ਕੇ ਆਪਣਾ ਜਨਮ ਸਫਲਾ ਕਰਨ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਤੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।