Canada: ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਗਿਆ
ਹਰਦਮ ਮਾਨ
ਸਰੀ, 24 ਅਕਤੂਬਰ 2025-ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਬੰਦੀ ਛੋੜ ਦਿਵਸ ਸੰਗਤਾਂ ਨੇ ਬੜੀ ਧੂਮਧਾਮ ਨਾਲ ਮਨਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਹੈ ਕਿ ਸਾਰਾ ਦਿਨ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਕਿਣਮਿਣ ਤੇ ਬੱਦਲਵਾਈ ਦੇ ਬਾਵਜੂਦ ਵੀ ਸੰਗਤਾਂ ਦਰਬਾਰ ਹਾਲ ਵਿਚ ਸਾਰਾ ਦਿਨ ਲਗਾਤਾਰ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਨਤਮਸਤਕ ਹੋਈਆਂ। ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ ਆਪੋ ਆਪਣੀ ਮਨੋਕਾਮਨਾਵਾਂ ਦੀ ਪੂਰਤੀ ਲਈ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਿਆ।
ਗੁਰਦੁਆਰਾ ਸਾਹਿਬ ਦੇ ਬਾਹਰਵਾਰ ਲਾਈ ਗਈ ਪੁਸਤਕ ਪ੍ਰਦਰਸ਼ਨੀ ਨੇ ਪਾਠਕਾਂ ਨੂੰ ਉਤਸ਼ਾਹਤ ਕੀਤਾ। ਸ਼ਰਧਾਲੂਆਂ ਨੇ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਦੀਵੇ ਬਾਲ ਕੇ ਸਦੀਆਂ ਤੋਂ ਚੱਲੀ ਆ ਰਹੀ ਪ੍ਰਥਾ ਦੀਵਾਲੀ ਦੀ ਹਨੇਰੀ ਰਾਤ ਨੂੰ ਕੁਝ ਪਲਾਂ ਲਈ ਜਗ ਮਗ ਕੀਤਾ ਤੇ ਬੰਦੀ ਛੋੜ ਦਿਵਸ ਸਨਿਮਰ ਦੀਪਮਾਲਾ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਦੀਵਾਲੀ ਕੀ ਰਾਤ ਦੀਵੇ ਬਾਲੇ ਜਾਂਦੇ ਹਨ ਪਰ ਕੁਝ ਚਿਰ ਬਾਅਦ ਬੁਝ ਜਾਂਦੇ ਹਨ, ਦੀ ਉਦਾਹਰਣ ਦਰਸਾ ਕੇ ‘ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨ’ ਨੂੰ ਗੁਰਦੁਆਰਾ ਸਟੇਜ ਤੋਂ ਗਿਆਨੀ ਜੀ ਅਤੇ ਕੀਰਤਨੀ ਜੱਥਿਆਂ ਰਾਹੀਂ ਪ੍ਰੇਰਿਆ।
ਇਸ ਮੌਕੇ ਸੰਗਤ ਨੂੰ ਸੂਚਿਤ ਕੀਤਾ ਗਿਆ ਕਿ 25 ਅਕਤੂਬਰ ਦਿਨ ਸਨਿਚਰਵਾਰ ਨੂੰ ‘ਫਾਰਮੇਸੀ 24’ ਵੱਲੋਂ ਫਲੂਅ ਦੇ ਟੀਕੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ ਇਕ ਵਜੇ ਤੀਕ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਲਾਏ ਜਾਣਗੇ। ਪ੍ਰਬੰਧਕਾਂ ਵੱਲੋਂ ਇਹ ਫਲੂਅ ਟੀਕੇ ਲਵਾਉਣ ਲਈ ਆਪੋ ਆਪਣੇ ਕੇਅਰ ਕਾਰਡ ਨਾਲ ਲੈ ਕੇ ਆਉਣ ਦੀ ਤਾਕੀਦ ਕੀਤੀ ਗਈ।