CGC ਯੂਨੀਵਰਸਿਟੀ ਵਿੱਚ ਸਟਾਰ ਨਾਈਟ : ਬਾਲੀਵੁੱਡ ਗਾਇਕ ਸਲੀਮ-ਸੁਲੇਮਾਨ ਦੇ ਗੀਤਾਂ ’ਤੇ ਝੂਮੇ ਵਿਦਿਆਰਥੀ
ਮੋਹਾਲੀ, 17 ਅਕਤੂਬਰ
ਸੀ ਜੀ ਸੀ ਯੂਨੀਵਰਸਿਟੀ ਵੱਲੋਂ ਇੱਕ ਸ਼ਾਨਦਾਰ ਸਟਾਰ ਨਾਈਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ, ਪ੍ਰਸਿੱਧ ਬਾਲੀਵੁੱਡ ਗਾਇਕ ਜੋੜੀ ਸਲੀਮ-ਸੁਲੇਮਾਨ ਨੇ ਹਾਜ਼ਰ ਦਰਸ਼ਕਾਂ ਨੂੰ ਆਪਣੀ ਗਾਇਕੀ ਦੇ ਹੁਨਰ ਨਾਲ ਮੰਤਰ-ਮੁਗਧ ਕੀਤਾ। ਖ਼ੂਬਸੂਰਤ ਗੀਤਾਂ ਦੀਆਂ ਤਰਜ਼ਾਂ ’ਤੇ ਹਜ਼ਾਰਾਂ ਵਿਦਿਆਰਥੀ ਝੂਮਦੇ ਨਜ਼ਰ ਆਏ। ਸਲੀਮ-ਸੁਲੇਮਾਨ ਨੇ ਲਗਾਤਾਰ ਚਾਰ ਘੰਟੇ ਸਟੇਜ ’ਤੇ ਲਾਈਵ ਪ੍ਰਫਾਰਮੈਂਸ ਦਿੰਦੇ ਹੋਏ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਦੌਰਾਨ, ’ਤੁਝ ਮੇਂ ਰੱਬ ਦਿਖਤਾ ਹੈ’, ’ਓ ਰੇ ਪੀਆ’, ’ਸ਼ੁਕਰਾਨ ਅੱਲ੍ਹਾ’, ’ਹੌਲੇ ਹੌਲੇ’ ਜਿਹੇ ਰੋਮਾਂਟਿਕ ਗੀਤਾਂ ’ਤੇ ਸਭ ਝੂਮਦੇ ਰਹੇ। ਇਸ ਦੇ ਨਾਲ ਹੀ, ਡਾਂਸ ਅਤੇ ਐਨਰਜੀ ਭਰਪੂਰ ਟਰੈਕ ਜਿਵੇਂ ’ਐਨਵਈ ਐਨਵਈ’, ’ਬਾਰੀ ਬਰਸੀ’, ’ਡਾਂਸ ਪੇ ਚਾਂਸ’ ਅਤੇ ’ਆਦਤ ਸੇ ਮਜਬੂਰ’ ਗਾਣਿਆਂ ’ਤੇ ਵੀ ਵਿਦਿਆਰਥੀਆਂ ਨੇ ਖੂਬ ਨੱਚਿਆ। ਉਨ੍ਹਾਂ ਦੇ ਪ੍ਰੇਰਣਾਦਾਇਕ ਅਤੇ ਦੇਸ਼ਭਗਤੀ ਦੇ ਗੀਤ ’ਚੱਕ ਦੇ ਇੰਡੀਆ’ ਨੇ ਸਮੁੱਚੀ ਯੂਨੀਵਰਸਿਟੀ ਨੂੰ ਦੇਸ਼ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।
ਲਾਈਟਾਂ ਦੀ ਚਕਾਚੌਂਧ ਨਾਲ ਰਾਤ ਦਾ ਅਸਮਾਨ ਚਮਕ ਉੱਠਿਆ, ਭੀੜ ਦੀ ਆਵਾਜ਼ ਗੂੰਜ ਉੱਠੀ ਅਤੇ ਸਟੇਜ ਤਾਲ ਅਤੇ ਰੌਸ਼ਨੀ ਦੀ ਇੱਕ ਗਲੈਕਸੀ ਵਿੱਚ ਬਦਲ ਗਈ। ’ਸਾਵਿਸਕਾਰ’ ਦੇ ਚਾਨਣ ਹੇਠ, ਸਲੀਮ-ਸੁਲੇਮਾਨ ਨੇ ਆਪਣੀਆਂ ਧੁਨਾਂ ਨਾਲ ਸਟੇਜ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਹਰ ਦਿਲ ਦੀ ਧੜਕਣ ਇੱਕੋ ਤਾਲ ਵਿੱਚ ਨੱਚਣ ਲੱਗੀ। ਇਸ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਨੇ ਗਾਇਆ, ਨੱਚਿਆ, ਅਤੇ ਉਸ ਪਲ ਵਿੱਚ ਖੁਦ ਨੂੰ ਗੁਆ ਦਿੱਤਾ, ਜਿੱਥੇ ਸੰਗੀਤ ਜਾਦੂ ਬਣ ਗਿਆ ਅਤੇ ਕੈਂਪਸ ਸ਼ੁੱਧ ਊਰਜਾ ਵਿੱਚ ਬਦਲ ਗਿਆ।
ਇਸ ਮੌਕੇ ’ਤੇ ਐਮ.ਡੀ. ਅਰਸ਼ ਧਾਲੀਵਾਲ ਨੇ ਸਾਰਿਆਂ ਨੂੰ ’ਜੀ ਆਇਆਂ’ ਕਹਿੰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਦੀਆਂ ਸੋਚਾਂ ਦੀਆਂ ਉਡਾਣਾਂ ਅਤੇ ਉਨ੍ਹਾਂ ਦੇ ਰਚਨਾਤਮਕ ਦਿਮਾਗ਼ ਨੂੰ ਇੱਕ ਪਲੇਟਫ਼ਾਰਮ ’ਤੇ ਲੈ ਕੇ ਆਉਣਾ ਹੈ। ਅਰਸ਼ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸੰਗੀਤਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਪ੍ਰੈਸ਼ਰ ਤੋਂ ਦੂਰ ਕਰਕੇ ਉਨ੍ਹਾਂ ਨੂੰ ਤਰੋ-ਤਾਜ਼ਾ ਮਹਿਸੂਸ ਕਰਾਉਂਦੇ ਹਨ। ਸਲੀਮ-ਸੁਲੇਮਾਨ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਇਸ ਰਾਤ ਨੂੰ ਆਵਾਜ਼, ਰੂਹ ਅਤੇ ਇਕਜੁੱਟਤਾ ਦੇ ਇੱਕ ਅਭੁੱਲ ਜਸ਼ਨ ਵਿੱਚ ਬਦਲ ਦਿੱਤਾ।