ਦਿਵਾਲੀ ਦੀ ਖਰੀਦਦਾਰੀ ਕਰਨ ਲਈ ਬਾਜ਼ਾਰ ਗਿਆ ਸੀ ਪਰਿਵਾਰ ਪਿੱਛੋਂ ਚੋਰ ਕਰ ਗਏ ਕਾਰਾ
ਦਿਨ ਦਿਹਾੜੇ ਸੁਨਸਾਨ ਗਲੀ ਵਿੱਚ ਪੈਂਦਾ ਦਰਵਾਜਾ ਤੋੜ ਕੇ ਘਰ ਵਿੱਚ ਵੜੇ ਚੋਰਾਂ ਨੇ ਬੱਚਿਆਂ ਦੀਆਂ ਗੋਲਕਾਂ ਵੀ ਨਹੀਂ ਛੱਡੀਆਂ
ਰੋਹਿਤ ਗੁਪਤਾ
ਗੁਰਦਾਸਪੁਰ
ਦਿਨ ਦਿਹਾੜੇ ਘਰ ਦੇ ਪਿੱਛੇ ਪੈਂਦੀ ਭੀੜੀ ਗਲੀ ਵਿੱਚ ਪੈਂਦਾ ਦਰਵਾਜ਼ਾ ਤੋੜ ਕੇ ਇੱਕ ਘਰ ਵਿੱਚ ਚੋਰ ਵੜ ਗਏ ਤੇ ਐਲਈਡੀ , ਬੱਚਿਆਂ ਵੱਲੋਂ ਜੋੜੇ ਗਏ ਅੱਠ_ ਨੌ ਹਜ਼ਾਰ ਰੁਪਏ ਦੀ ਨਗਦੀ ਤੇ ਚਾਂਦੀ ਦੀਆਂ ਕਰੀਬ ਦੋ ਦੋ ਤੋਲੇ ਵਜਨ ਦੀਆਂ ਤਿੰਨ ਚੈਨੀਆਂ ਕੱਢ ਕੇ ਲੈ ਗਏ । ਘਰ ਦਾ ਮਾਲਕ ਗੁਰਵਿੰਦਰ ਸਿੰਘ ਬੇਦੀ ਵੀਡੀਓ ,ਫੋਟੋਗ੍ਰਾਫੀ ਅਤੇ ਮਿਕਸਿੰਗ ਦਾ ਕੰਮ ਕਰਦਾ ਹੈ ਅਤੇ ਘਰ ਚ ਹੀ ਉਸਨੇ ਮਿਕਸਿੰਗ ਦੀਆਂ ਮਸ਼ੀਨਾਂ ਅਤੇ ਕੰਪਿਊਟਰ ਆਦਿ ਰੱਖੇ ਹੋਏ ਹਨ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਚੋਰਾਂ ਨੇ ਘਰ ਵਿੱਚ ਪਏ ਕੰਪਿਊਟਰ, ਪ੍ਰਿੰਟਰ ਅਤੇ ਇਲੈਕਟਰੋਨਿਕ ਦੇ ਸਮਾਨ ਦੇ ਨਾਲ ਨਾਲ ਘਰ ਵਿੱਚ ਪਏ ਹੋਰ ਕਿਸੇ ਵੀ ਸਮਾਨ ਨੂੰ ਹੱਥ ਤੱਕ ਨਹੀਂ ਲਗਾਇਆ। ਚੋਰੀ ਦੀ ਵਾਰਦਾਤ ਸਮੇਂ ਗੁਰਵਿੰਦਰ ਬੇਦੀ ਸ਼ਹਿਰੋਂ ਬਾਹਰ ਕੰਮ ਲਈ ਗਿਆ ਹੋਇਆ ਸੀ ਜਦਕਿ ਉਸ ਦੀ ਪਤਨੀ ਅਤੇ ਬੱਚੀਆਂ ਦਿਵਾਲੀ ਦੀ ਖਰੀਦਦਾਰੀ ਕਰਨ ਕੁਝ ਦੇਰ ਲਈ ਬਾਜ਼ਾਰ ਗਈਆਂ ਸਨ। ਪਿੱਛੋਂ ਘਰ ਵਿੱਚ ਵੜ ਕੇ ਚੋਰਾਂ ਨੇ ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ ਅਤੇ ਨਗਦੀ ਚਾਂਦੀ ਦੀਆਂ ਚੈਨੀਆਂ ਦੇ ਨਾਲ ਨਾਲ ਐਲਈਡੀ ਲੈ ਕੇ ਫਰਾਰ ਹੋ ਗਏ।
ਵਾਰਦਾਤ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਦੇ ਸੰਘਨੀ ਆਬਾਦੀ ਵਾਲੇ ਬੇਰੀਆ ਮੁਹੱਲੇ ਦੀ ਹੈ । ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਪਰਿਵਾਰ ਦੀ ਔਰਤ ਰੀਨਾ ਬੇਦੀ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਉਹਨਾਂ ਦੇ ਗੁਆਂਡ ਦੇ ਪਰਿਵਾਰ ਦੇ ਬੰਦ ਘਰ ਦੇ ਤਾਲੇ ਤੋੜ ਕੇ ਵੀ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਵੀ ਗਲੀ ਵਿੱਚੋਂ ਦੋ ਮੋਟਰਸਾਈਕਲ ਵੱਖ-ਵੱਖ ਸਮਿਆਂ ਤੇ ਚੋਰੀ ਹੋ ਚੁੱਕੇ ਹਨ। ਦੱਸਿਆ ਗਿਆ ਹੈ ਕਿ ਇਲਾਕੇ ਵਿੱਚ ਪੈਂਦੀ ਭੀੜੀ ਗਲੀ ਵਿੱਚ ਸ਼ੱਕੀ ਕਿਸਮ ਦੇ ਅਤੇ ਨਸ਼ੇੜੀ ਕਿਸਮ ਦੇ ਨੌਜਵਾਨ ਘੁੰਮਦੇ ਰਹਿੰਦੇ ਹਨ। ਜਿਨਾਂ ਕਾਰਨ ਮੁੱਹਲਾ ਨਿਵਾਸੀਆਂ ਨੂੰ ਖਤਰਾ ਬਣਿਆ ਰਹਿੰਦਾ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਹਜੇ ਤੱਕ ਕੋਈ ਪੁਲਿਸ ਮੁਲਾਜ਼ਮ ਮੌਕੇ ਦੀ ਜਾਂਚ ਕਰਨ ਨਹੀਂ ਪਹੁੰਚਿਆ ।