ਪੀਏਯੂ ਦੀ ਬੇਸ਼ਕੀਮਤੀ ਜਮੀਨ ਵੇਚਣ ਸਬੰਧੀ ਖਬਰਾਂ ਉੱਪਰ ਪਵਨ ਦੀਵਾਨ ਨੇ ਪ੍ਰਗਟਾਇਆ ਰੋਸ
ਕਿਹਾ: ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਦਿਲ ਹੈ ਅਤੇ ਪੀਏਯੂ ਇਸਦਾ ਦਿਮਾਗ ਹੈ
ਪ੍ਰਮੋਦ ਭਾਰਤੀ
ਲੁਧਿਆਣਾ, 13 ਅਕਤੂਬਰ,2025
ਪੰਜਾਬ ਸਰਕਾਰ ਵੱਲੋਂ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਬੇਸ਼ਕੀਮਤੀ ਜਮੀਨ ਦੇ ਇੱਕ ਵੱਡੇ ਹਿੱਸੇ ਨੂੰ ਵੇਚਣ ਸਬੰਧੀ ਖਬਰਾਂ ਨੂੰ ਲੈ ਕੇ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਰੋਸ ਜਾਹਿਰ ਕੀਤਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਪਵਨ ਦੀਵਾਨ ਨੇ ਕਿਹਾ ਕਿ ਪੀਏਯੂ ਦਾ ਹਰਿਤ ਕ੍ਰਾਂਤੀ ਲਿਆਉਣ ਅਤੇ ਦੇਸ਼ ਨੂੰ ਅੰਨ ਭੰਡਾਰ ਦੇ ਮਾਮਲੇ ਵਿੱਚ ਆਪਣੇ ਪੈਰਾਂ ਉੱਪਰ ਖੜਾ ਕਰਨ ਵਿੱਚ ਅਹਿਮ ਯੋਗਦਾਨ ਹੈ। ਇਸ ਤੋਂ ਇਲਾਵਾ, ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਦਿਲ ਹੈ ਅਤੇ ਪੀਏਯੂ ਇਸ ਦਾ ਦਿਮਾਗ ਹੈ, ਜੋ ਇਸ ਦਿਲ ਨੂੰ ਜਿਊਂਦਾ ਰੱਖਦਾ ਹੈ।
ਉਹਨਾਂ ਨੇ ਜੋਰ ਦਿੰਦਿਆਂ ਕਿਹਾ ਕਿ ਦਹਾਕਿਆਂ ਤੋਂ ਪੀਏਯੂ ਨੇ ਖੋਜ, ਨਵੀਨਤਾ ਦੇ ਨਾਲ - ਨਾਲ ਕਈ ਨਾਮੀ ਵਿਗਿਆਨੀ ਪੈਦਾ ਕੀਤੇ ਹਨ ਲ, ਜਿਨ੍ਹਾਂ ਨੇ ਨਾ ਸਿਰਫ਼ ਪੰਜਾਬ ਸਗੋਂ ਪੂਰੇ ਦੇਸ਼ ਨੂੰ ਅਨਾਜ ਨਾਲ ਭਰਿਆ ਹੈ। ਪੀਏਯੂ ਦੀ ਬਦੌਲਤ ਪੰਜਾਬ ਨੇ “ਅਨਾਜ ਦਾ ਗੋਦਾਮ” ਹੋਣ ਦਾ ਮਾਣ ਹਾਸਲ ਕੀਤਾ। ਉਨ੍ਹਾਂ ਕਿਹਾ ਖ਼ਬਰਾਂ ਆ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪੀਏਯੂ ਦੀ ਲਗਭਗ 2000 ਏਕੜ ਕੀਮਤੀ ਜ਼ਮੀਨ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਇਹ ਰਿਪੋਰਟਾਂ ਸੱਚੀਆਂ ਹਨ, ਤਾਂ ਇਹ ਨਾ ਸਿਰਫ਼ ਪੀਏਯੂ ਲਈ ਸਦਮਾ ਹੈ, ਬਲਕਿ ਪੂਰੇ ਪੰਜਾਬ ਦੀ ਖੇਤੀਬਾੜੀ ਪ੍ਰਣਾਲੀ ਲਈ ਵੀ ਇਕ ਵੱਡਾ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਮਾਮਲੇ ਵਿੱਚ ਜਾਗਰੂਕ ਹੋ ਕੇ ਆਪਣੀ ਆਵਾਜ਼ ਉਠਾਉਣ ਦੀ ਲੋੜ ਹੈ, ਤਾਂ ਜੋ ਪੰਜਾਬ ਦੇ ਖੇਤੀਬਾੜੀ ਵਿਰਾਸਤ ਦੀ ਰੱਖਿਆ ਕੀਤੀ ਜਾ ਸਕੇ।