ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਅਮਨਪ੍ਰੀਤ ਰੰਧਾਵਾ ਨੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ਼ਿਆ
ਪਟਿਆਲਾ, 12 ਸਤੰਬਰ
ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਅਮਨਪ੍ਰੀਤ ਰੰਧਾਵਾ ਨੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਡਾ. ਰੰਧਾਵਾ ਨੇ 2022 ਵਿੱਚ ਇਸ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਇਸ ਤੋਂ ਪਹਿਲਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਅਡਵਾਂਸਡ ਮੀਡੀਆ ਸਟੱਡੀਜ਼ ਵਿਖੇ ਅਧਿਆਪਕ ਅਤੇ ਇੰਚਾਰਜ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਡਾ. ਰੰਧਾਵਾ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿੱਚ ਸਰਗਰਮੀ ਨਾਲ਼ ਹਿੱਸਾ ਲਿਆ ਹੈ ਅਤੇ ਉਹ ਅੰਤਰਰਾਸ਼ਟਰੀ ਪੱਧਰ ਦੀਆਂ ਨਾਮਵਰ ਸੰਸਥਾਵਾਂ ਜਿਵੇਂ ਕਿ ਇੰਟਰਨੈਸ਼ਨਲ ਕਮਿਊਨੀਕੇਸ਼ਨ ਐਸੋਸੀਏਸ਼ਨ (ਆਈ. ਸੀ. ਏ.), ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਮਾਸ ਕਮਿਊਨੀਕੇਸ਼ਨ ਰਿਸਰਚ (ਆਈ. ਏ. ਐੱਮ.ਸੀ. ਆਰ.), ਜਰਨਲਿਸਟ ਐਂਡ ਰਾਈਟਰਜ਼ ਫਾਊਂਡੇਸ਼ਨ ਅਤੇ ਇੰਟਰਨੈਸ਼ਨਲ ਅਕੈਡਮਿਕ ਫੋਰਮ ((ਆਈ. ਏ. ਐੱਫ. ਓ.ਆਰ.) ਨਾਲ਼ ਸਰਗਰਮੀ ਸਹਿਤ ਜੁੜੇ ਹੋਏ ਹਨ।
ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਮੌਕੇ ਡੀਨ ਫ਼ੈਕਲਟੀ ਆਫ਼ ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ ਪ੍ਰੋ. ਪੁਸ਼ਪਿੰਦਰ ਕੌਰ ਤੋਂ ਇਲਾਵਾ ਵਿਭਾਗ ਦੇ ਅਧਿਆਪਕ ਡਾ. ਹੈਪੀ ਜੇਜੀ ਅਤੇ ਡਾ. ਨੈਨਸੀ ਦਵਿੰਦਰ ਕੌਰ ਵੀ ਹਾਜ਼ਰ ਰਹੇ।