ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਮੁਹਿੰਮ ਲਗਾਤਾਰ ਜਾਰੀ: ਹਰਮੀਤ ਸਿੰਘ ਕਾਲਕਾ
ਅਮ੍ਰਿਤਸਰ 8 ਸਤੰਬਰ ,2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼ਨੀਵਾਰ ਨੂੰ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਵਿਖੇ ਕਮੇਟੀ ਵੱਲੋਂ ਲਗਾਏ ਗਏ ਹੜ੍ਹ ਰਾਹਤ ਕੈਂਪਾਂ ਦਾ ਦੌਰਾ ਕੀਤਾ, ਤਾਂ ਜੋ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮਿਲ ਸਕੇ।
ਦੌਰੇ ਦੌਰਾਨ ਕਾਲਕਾ ਨੇ ਹੜ੍ਹ-ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮੌਕੇ ‘ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਹੜ੍ਹ ਪੀੜਤਾਂ ਵਿੱਚ ਦੋ ਟਰੱਕ ਰਾਹਤ ਸਮਾਨ ਵੰਡਿਆ ਗਿਆ ਹੈ।
ਇਸ ਮਦਦ ਵਿੱਚ ਸੁੱਕਾ ਰਾਸ਼ਨ, ਖਾਣ-ਪੀਣ ਦੀਆਂ ਵਸਤਾਂ, ਰੋਜ਼ਾਨਾ ਵਰਤੋਂ ਦੇ ਸਮਾਨ, ਦਵਾਈਆਂ, ਤੰਬੂ, ਟ੍ਰੈਕਸੂਟ, ਮੱਛਰਦਾਨੀਆਂ ਅਤੇ ਮੱਛਰ ਭਗਾਉਣ ਵਾਲੀਆਂ ਦਵਾਈਆਂ ਸ਼ਾਮਲ ਸਨ।
ਕਾਲਕਾ ਨੇ ਇਹ ਵੀ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਜੋ ਹੜ੍ਹ ਨਾਲ ਬਰਬਾਦ ਹੋਈ ਜ਼ਮੀਨ ਨੂੰ ਮੁੜ ਖੇਤੀ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ, “ਹੁਣ ਸਭ ਤੋਂ ਵੱਡੀ ਚੁਣੌਤੀ ਜ਼ਿੰਦਗੀ ਨੂੰ ਮੁੜ ਪਟੜੀ ‘ਤੇ ਲਿਆਂਦਾ ਹੈ, ਜਿਸ ਤੋਂ ਬਾਅਦ ਅਸੀਂ ਹੜ੍ਹ ਪੀੜਤਾਂ ਦੀਆਂ ਅਗਲੀ ਲੋੜਾਂ ਦਾ ਅੰਦਾਜ਼ਾ ਲਵਾਂਗੇ।”
25 ਅਗਸਤ ਤੋਂ ਲਗਭਗ 100 ਸੇਵਾਦਾਰ DSGMC ਵੱਲੋਂ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਰਾਹਤ ਕੰਮਾਂ ਵਿੱਚ ਜੁਟੇ ਹੋਏ ਹਨ। ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਇਕੱਠੀ ਕੀਤੀ ਸਮੱਗਰੀ ਸਿੱਧੀ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੇਂਦਰੀ ਖੇਤੀਬਾੜੀ ਮੰਤਰੀ ਹਾਲ ਹੀ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ।
ਕਾਲਕਾ ਨੇ ਭਰੋਸਾ ਦਿਵਾਇਆ ਕਿ DSGMC ਵੱਲੋਂ ਪੰਜਾਬ ਲਈ ਕੇਂਦਰ ਸਰਕਾਰ ਕੋਲੋਂ ਵੱਡਾ ਰਾਹਤ ਪੈਕੇਜ ਲਿਆਉਣ ਲਈ ਪੂਰੀ ਤਾਕਤ ਨਾਲ ਅਵਾਜ਼ ਉਠਾਈ ਜਾਵੇਗੀ।
ਉਨ੍ਹਾਂ ਕਿਹਾ, “ਪਿਛਲੇ ਤਿੰਨ ਹਫ਼ਤਿਆਂ ਤੋਂ ਪੰਜਾਬ ਦਾ ਵੱਡਾ ਹਿੱਸਾ ਪਾਣੀ ਹੇਠ ਹੈ ਅਤੇ ਲੋਕ ਦੁੱਖੀ ਹਨ, ਜ਼ਿੰਦਗੀ ਬਹੁਤ ਪ੍ਰਭਾਵਿਤ ਹੋਈ ਹੈ, ਇਸ ਲਈ DSGMC ਨੇ ਲੋਕਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਹੈ।” ਉਨ੍ਹਾਂ ਦੱਸਿਆ ਕਿ ਰਾਹਤ ਕੈਂਪਾਂ ਵਿੱਚ ਡਾਕਟਰਾਂ ਦੀਆਂ ਟੀਮਾਂ ਵੀ ਪਹੁੰਚ ਗਈਆਂ ਹਨ ਅਤੇ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕਾਲਕਾ ਨੇ ਕਿਹਾ ਕਿ DSGMC ਦੀਆਂ ਟੀਮਾਂ ਲੋਕਾਂ ਦੀਆਂ ਲੋੜਾਂ ਦਾ ਅੰਦਾਜ਼ਾ ਲਾ ਰਹੀਆਂ ਹਨ ਅਤੇ ਉਸ ਮੁਤਾਬਕ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਖਾਣ-ਪੀਣ ਦੀ ਕਾਫ਼ੀ ਸਹਾਇਤਾ ਪਹੁੰਚ ਗਈ ਹੈ ਪਰ ਹੁਣ ਸਭ ਤੋਂ ਵੱਧ ਲੋੜ ਪਸ਼ੂਆਂ ਲਈ ਚਾਰਾ, ਤੰਬੂ, ਅਗਲੀ ਫਸਲ ਲਈ ਬੀਜ ਅਤੇ ਘਰਾਂ ਦੇ ਮੁੜ-ਨਿਰਮਾਣ ਲਈ ਮਦਦ ਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਟਿਊਬਵੈੱਲ ਡੁੱਬ ਗਏ ਹਨ ਅਤੇ ਉਨ੍ਹਾਂ ਨੂੰ ਮੁੜ ਖੋਦਣ ਦੀ ਲੋੜ ਹੈ। DSGMC ਵੱਲੋਂ ਕਿਸਾਨਾਂ ਦੀ ਮਦਦ ਲਈ ਖ਼ਾਸ ਟੀਮਾਂ ਭੇਜੀਆਂ ਜਾਣਗੀਆਂ।
ਉਨ੍ਹਾਂ ਨੇ ਮਾਝਾ ਬੈਲਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੁਝ ਲੋਕਾਂ ਨੂੰ, ਜਿਨ੍ਹਾਂ ਨੇ ਹੋਰ ਧਰਮ ਅਪਣਾਇਆ ਹੈ, ਮੁੜ ਸਿੱਖ ਧਰਮ ਵਿੱਚ ਪਰਤਣ ਲਈ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, “ਅਸੀਂ ਵੇਖਿਆ ਹੈ ਕਿ ਸਿਰਫ਼ ਸਿੱਖ ਅਤੇ ਸਿੱਖ ਸੰਸਥਾਵਾਂ ਹੀ ਪੀੜਤ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਹਨ।”
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਕੁਦਰਤੀ ਆਫ਼ਤ ਦਾ ਕਾਰਨ ਰਾਜ ਵਿੱਚ ਗੈਰਕਾਨੂੰਨੀ ਮਾਈਨਿੰਗ ਨੂੰ ਦੱਸਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਇਸ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ ਹੜ੍ਹ-ਪ੍ਰਭਾਵਿਤ ਖੇਤਰਾਂ ਦੀ ਯਾਤਰਾ ਦਾ ਸਵਾਗਤ ਕੀਤਾ ਅਤੇ ਇਸਨੂੰ ਸਰਹੱਦੀ ਇਲਾਕਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਇੱਕ ਸਕਾਰਾਤਮਕ ਕਦਮ ਕਿਹਾ।