ਸੂਬਾ ਸਰਕਾਰ ਹੜ੍ਹਾਂ ਦੀ ਸਥਿਤੀ ਬਾਰੇ ਕੇਂਦਰ ਨੂੰ ਤੁਰੰਤ ਜਾਣੂ ਕਰਵਾਏ: ਪ੍ਰੋ ਚੰਦੂਮਾਜਰਾ
ਪ੍ਰੋ ਚੰਦੂਮਾਜਰਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ
ਮੋਹਾਲੀ 30 ਅਗਸਤ 2025
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਬਿਆਨਜਾਰੀ ਕਰਦਿਆਂ ਆਖਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਭਰ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ, ਜਿਸ ਵਿੱਚ ਹਜ਼ਾਰਾਂ ਏਕੜ ਫ਼ਸਲ ਦੇ ਤਬਾਹ ਹੋਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਦੇ ਘਰਾਂ, ਪਸ਼ੂਆਂ ਅਤੇ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇੱਕ ਹਫ਼ਤੇ ਬਾਅਦ ਹੜ੍ਹਾਂ ਦੀ ਸਥਿਤੀ ਉੱਤੇ ਚੁੱਪੀ ਤੋੜਨ ਤੋਂ ਬਾਅਦ ਵੀ ਗੱਲਬਾਤਾਂ ਅਤੇ ਫੋਕੇ ਲਾਰਿਆਂ ਰਾਹੀਂ ਲੋਕਾਂ ਨੂੰ ਧਰਵਾਸ ਦਿੱਤਾ ਜਾ ਰਿਹਾ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੌਂਗ ਡੈੱਮ, ਰਣਜੀਤ ਸਾਗਰ ਡੈੱਮ ਅਤੇ ਭਾਖੜਾ ਨੰਗਲ ਡੈੱਮ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਖੋਲ੍ਹੇ ਫਲੱਡ ਗੇਟਾਂ ਨੇ ਦਰਿਆਵਾਂ ਅਤੇ ਨਦੀਆਂ ਦੇ ਬੰਨ੍ਹ ਤੋੜ ਦਿੱਤੇ, ਜਿਸਨੇ ਪੂਰੇ ਸੂਬੇ ਵਿੱਚ ਤਬਾਹੀ ਮਚਾ ਦਿੱਤੀ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਫੌਰੀ ਹੜ੍ਹਾਂ ਤੋ ਨਿਜ਼ਾਤ ਦਿਵਾਉਣ ਲਈ ਆਫ਼ਤ ਪ੍ਰਬੰਧਨ ਟੀਮਾਂ, ਡਾਕਟਰ ਤੇ ਦਵਾਈਆਂ ਲਈ ਮੁੱਖ ਮੰਤਰੀ ਸਾਹਿਬ ਨੂੰ ਸੂਬੇ ਦੀਆਂ ਸੜਕਾਂ ਉੱਤੇ ਘੁੰਮਣ ਦੀ ਬਜਾਏ ਦਿੱਲੀ ਜਾਕੇ ਵੱਖ ਵੱਖ ਮੰਤਰਾਲਿਆਂ ਨਾਲ ਰਾਬਤਾ ਕਾਇਮ ਕਰਕੇ ਲੋਕਾਂ ਦੀ ਮੱਦਦ ਲਈ ਅੱਗੇ ਆਉਣ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਹੜ੍ਹ ਪੀੜਿਤਾਂ ਲਈ ਮੁਆਵਜ਼ਾ ਰਾਸ਼ੀ ਦਾ ਪ੍ਰਬੰਧਨ ਕਰੇ।
ਇਸ ਸਮੇਂ ਪ੍ਰੋ ਚੰਦੂਮਾਜਰਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਦਿਆਂ ਦੱਸਿਆ ਕਿ ਉਹ ਵੱਡੀ ਮਾਤਰਾ ‘ਚ 1 ਸਤੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਰਾਸ਼ਨ, ਦਵਾਈਆਂ ਅਤੇ ਹੋਰ ਖਾਣ-ਪੀਣ ਦੀਆ ਲੋੜੀਂਦੀਆਂ ਵਸਤੂਆਂ ਲੈਕੇ ਜਾਣਗੇ। ਚੰਦੂਮਾਜਰਾ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਖੁੱਲ੍ਹੇ ਦਿਲ ਨਾਲ ਮੱਦਦ ਕਰਨ ਦੀ ਅਪੀਲ ਕੀਤੀ ।