ਕਿਸ਼ਤੀ ਰਾਹੀਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ ਸਿਹਤ ਸੇਵਾਵਾਂ - ਡਾ. ਪ੍ਰੇਮ ਕੁਮਾਰ
- ਸਿਹਤ ਪੱਖੋਂ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਡੀ ਮੈਡੀਕਲ ਟੀਮ ਨਾਲ ਕਰੋ ਸੰਪਰਕ - ਡਾ. ਪ੍ਰੇਮ ਕੁਮਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 30 ਅਗਸਤ 2025 - ਪੰਜਾਬ ਸਰਕਾਰ ‘ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਜ਼ਮੀਨੀ ਪੱਧਰ ਤੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਢਿੱਲਵਾਂ ਦੀਆਂ ਦੋ ਮੈਡੀਕਲ ਟੀਮਾਂ ਬੁਤਾਲਾ ਮੰਡ ਅਤੇ ਮੰਡ ਸਰਦਾਰ ਸਿੰਘ ਵਾਲਾ ਵਿਖੇ ਤਾਇਨਾਤ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਸਾਡੀ ਮੈਡੀਕਲ ਟੀਮ ਨੂੰ ਹੜ੍ਹ ਪ੍ਰਭਾਵਿਤ ਪਿੰਡ ਤੋਂ ਇੱਕ ਗਰਭਵਤੀ ਮਹਿਲਾ ਦੇ ਪੈਰ ‘ਤੇ ਸੱਟ ਲਗਣ ਦੀ ਸੂਚਨਾ ਮਿਲੀ ਸੀ, ਜਿਸ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਐਸ.ਡੀ.ਆਰ.ਐਫ ਦੀ ਟੀਮ ਨਾਲ ਕਿਸ਼ਤੀ ਰਾਹੀਂ ਜਾ ਕਿ ਗਰਭਵਤੀ ਮਹਿਲਾ ਦੀ ਸਿਹਤ ਜਾਂਚ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਡਾਕਟਰ ਨਵਦੀਪ ਕੌਰ ਅਤੇ ਨਰਿੰਦਰ ਸਿੰਘ ਮ.ਪ.ਹ.ਵ ਕਿਸ਼ਤੀ ਰਾਹੀਂ ਗਰਭਵਤੀ ਮਹਿਲਾ ਦੇ ਘਰ ਪਹੁੰਚੇ। ਡਾਕਟਰ ਨਵਦੀਪ ਕੌਰ ਵੱਲੋਂ ਗਰਭਵਤੀ ਮਹਿਲਾ ਦੀ ਸਿਹਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਨਵਦੀਪ ਕੌਰ ਨੇ ਦੱਸਿਆ ਕਿ ਗਰਭਵਤੀ ਮਹਿਲਾ ਬਿਲਕੁਲ ਤੰਦਰੁਸਤ ਹੈ, ਉਸ ਦੇ ਪੈਰ ‘ਤੇ ਸੱਟ ਲਗੀ ਸੀ ਜਿਸ ਦਾ ਉਨ੍ਹਾਂ ਵੱਲੋਂ ਯੋਗ ਇਲਾਜ ਕੀਤਾ ਗਿਆ। ਉਨ੍ਹਾਂ ਘਰ ਵਿੱਚ ਰਹਿ ਰਹੇ ਸਮੂਹ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਬਾਹਰ ਆਉਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਕੇਵਲ ਸਾਫ ਪਾਣੀ ਪੀਣ ਜਾਂ ਪਾਣੀ ਉਬਾਲ ਕੇ ਪੀਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਿਹਤ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਦੀਂ ਹੈ ਤਾਂ ਉਹ ਤੁਰੰਤ ਮੈਡੀਕਲ ਟੀਮ ਨੂੰ ਸੂਚਿਤ ਕਰਨ। ਇਸ ਮੌਕੇ ਮੋਨਿਕਾ ਬੀ.ਈ.ਈ. ਵੀ ਹਾਜ਼ਰ ਸਨ।
(ਡੱਬੀ)
ਆਮ ਲੋਕਾਂ ਨੂੰ ਸਿਹਤ ਸੇਵਾਵਾਂ ਦੇਣਾ ਸਾਡਾ ਪਹਿਲਾ ਫਰਜ਼ - ਡਾ. ਪ੍ਰੇਮ ਕੁਮਾਰ
ਹੜ੍ਹਾਂ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਮੀਨੀ ਪੱਧਰ ਤੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਸਹੂਲਤਾਂ ਦੇਣਾ ਸਾਡਾ ਪਹਿਲਾ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਸਿਹਤ ਪੱਖੋਂ ਕੋਈ ਵੀ ਸਮੱਸਿਆ ਨਾ ਆਵੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਮੈਡੀਕਲ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਲਾਕ ਢਿੱਲਵਾਂ ਦਾ ਸਮੂਹ ਫੀਲਡ ਸਟਾਫ਼ ਇਸ ਵੇਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਡਿਊਟੀਆਂ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਜਾਂਦਾ ਹੈ ਤਾਂ ਜੋ ਸਥਿਤੀ ‘ਤੇ ਨਜ਼ਰ ਬਣੀ ਰਹੇ ਅਤੇ ਯੋਗ ਪ੍ਰਬੰਧ ਕੀਤੇ ਜਾ ਸਕਣ।