ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਰਚਾਇਆ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਭਾਵਪੂਰਤ ਰੂਬਰੂ ਸਮਾਗਮ
ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2025:ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਟਰਾਂਟੋੰ ਵੱਲੋਂ ਇੱਥੇ ਪ੍ਰਸਿੱਧ ਕਵਿੱਤਰੀ ਸੁਰਿੰਦਰਜੀਤ ਕੌਰ ਗਿੱਲ ਦੇ ਗ੍ਰਹਿ ਵਿਖੇ ਬਠਿੰਡਾ ਨਿਵਾਸੀ ਉੱਘੇ ਗ਼ਜ਼ਲਗੋ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ, ਸੁਰਿੰਦਰਪ੍ਰੀਤ ਘਣੀਆਂ ਨਾਲ ਦਿਲਚਸਪ ਅਤੇ ਭਾਵਪੂਰਤ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਭਾ ਵੱਲੋਂ ਸ੍ਰੀ ਘਣੀਆਂ ਦੇ ਸਾਹਿਤਕ ਅਤੇ ਜਥੇਬੰਦਕ ਯੋਗਦਾਨ ਬਦਲੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।ਸਮਾਗਮ ਦੇ ਆਰੰਭ ਵਿੱਚ ਸ਼ਾਇਰ ਮਲੂਕ ਸਿੰਘ ਕਾਹਲੋਂ ਨੇ ਮੰਚ ਸੰਚਾਲਨ ਕਰਦਿਆਂ ਸ਼੍ਰੀ ਘਣੀਆਂ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਸੁਰਿੰਦਰਪ੍ਰੀਤ ਘਣੀਆਂ ਜਿੱਥੇ ਇੱਕ ਨਾਮਵਰ ਸ਼ਾਇਰ ਹਨ ਉਥੇ ਉਹਨਾਂ ਦਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਸਮਰਪਿਤ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਵੀ ਜ਼ਿਕਰਯੋਗ ਕੰਮ ਹੈ। ਇਸ ਉਪਰੰਤ ਸਮਾਗਮ ਦੀ ਮੇਜ਼ਬਾਨ ਤੇ ਪ੍ਰਸਿੱਧ ਕਵਿੱਤਰੀ ਸੁਰਿੰਦਰਜੀਤ ਕੌਰ ਗਿੱਲ ਨੇ ਸੁਰਿੰਦਰਪ੍ਰੀਤ ਘਣੀਆਂ ਦੀ ਸ਼ਖ਼ਸੀਅਤ ਅਤੇ ਰਚਨਾ ਦੀ ਪ੍ਰਸ਼ੰਸਾ ਕਰਦਿਆਂ ਸਮੂਹ ਹਾਜ਼ਰੀਨ ਨੂੰ ਸਭਾ ਵੱਲੋਂ ਜੀ ਆਇਆ ਆਖਿਆ।
ਇਸ ਮੌਕੇ ਸੁਰਿੰਦਰਪ੍ਰੀਤ ਘਣੀਆਂ ਨੇ ਹਾਜ਼ਰੀਨ ਦੇ ਰੂਬਰੂ ਹੁੰਦਿਆਂ ਆਪਣੇ ਜੀਵਨ ਸੰਘਰਸ਼, ਤਜਰਬੇ, ਪੜ੍ਹਾਈ ਲਿਖਾਈ, ਨੌਕਰੀ, ਸਾਹਿਤਿਕ ਸਫ਼ਰ ਅਤੇ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਕਿਹਾ ਕਿ ਉਸਨੇ ਆਪਣੇ ਸ਼ਾਇਰ ਚਾਚਾ ਜੀ ਕੈਪਟਨ ਪ੍ਰੀਤਮ ਸਿੰਘ ਲਹਿਰੀ ਤੋਂਪ੍ਰੇਰਿਤ ਹੁੰਦਿਆਂ ਲਿਖਣਾ ਸ਼ੁਰੂ ਕਰਦਿਆ ਪਹਿਲਾ ਗੀਤ ਨੌਵੀਂ ਜਮਾਤ ਵਿੱਚ ਪੜੵਦਿਆਂ ਲਿਖਿਆ। ਉਸ ਤੋਂ ਬਾਅਦ ਪੰਜਾਬੀ ਸਾਹਿਤ ਸਭਾ ਜੈਤੋ ਨਾਲ ਜੁੜਕੇ ਉਸਤਾਦ ਦੀਪਕ ਜੈਤੋਈ ਸਾਹਿਬ ਅਤੇ ਪ੍ਰਸਿੱਧ ਨਾਵਲਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਛਤਰ ਛਾਇਆ ਹੇਠ ਸਾਹਿਤ ਦਾ ਅਸਲ ਮਨੋਰਥ ਸਮਝਦਿਆਂ ਸੁਚੇਤ ਪੱਧਰ ਤੇ ਸਾਹਿਬ ਸਿਰਜਣਾ ਕੀਤੀ। ਸਾਹਿਤ ਦੇ ਮਨੋਰਥ ਅਤੇ ਮਹੱਤਵ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸਾਹਿਤ ਵਿਅਕਤੀ , ਸਮਾਜ ਅਤੇ ਆਲੇ ਦੁਆਲੇ ਨੂੰ ਸਮਝਣ ਦਾ ਸਾਧਨ ਹੈ ਜਿਸ ਦੀ ਰਾਜਨੀਤਿਕ ਇਨਕਲਾਬ ਵਿੱਚ ਵੀ ਮਹੱਤਵਪੂਰਨ ਭੂਮਿਕਾ ਬਣਦੀ ਹੈ। ਇਸ ਮੌਕੇ ਉਹਨਾਂ ਆਪਣੀਆਂ ਗ਼ਜ਼ਲ ਦੀਆਂ ਦੋ ਪੁਸਤਕਾਂ ਹਰਫਾਂ ਦੇ ਪੁਲ ਅਤੇ ਟੂਮਾਂ ਵਿੱਚੋਂ ਚੋਣਵੀਆਂ ਗਜ਼ਲਾਂ ਸਾਂਝੀਆਂ ਕਰਦਿਆਂ ਨਵੀਆਂ ਗਜਲਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।
ਸਵਾਲਾਂ ਜਵਾਬਾਂ ਦੇ ਸਿਲਸਿਲੇ ਤਹਿਤ ਪਿਆਰਾ ਸਿੰਘ ਕੁੱਦੋਵਾਲ, ਬਜ਼ੁਰਗ ਲੇਖਕ ਕਿਰਪਾਲ ਸਿੰਘ ਪੰਨੂ, ਡਾ. ਸੁਖਦੇਵ ਸਿੰਘ ਝੰਡ, ਬਮਲਜੀਤ ਕੌਰ ਮਾਨ ਆਦਿ ਲੇਖਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼੍ਰੀ ਘਣੀਆਂ ਨੇ ਕਿਹਾ ਕਿ ਸਾਹਿਤ ਦਾ ਮਨੋਰਥ ਦੁੱਖ ਸੁੱਖ ਦੀ ਸਾਂਝ ਪੈਦਾ ਕਰਨਾ ਅਤੇ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਣਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਲੇਖਕ ਸਭਾਵਾਂ ਦੀ ਬਾਗ -ਡੋਰ ਸਿਆਸੀ ਪਾਰਟੀਆਂ ਦੇ ਨਹੀਂ, ਲੇਖਕਾਂ ਦੇ ਹੱਥ ਹੋਣੀ ਚਾਹੀਦੀ ਹੈ। ਇਸ ਮੌਕੇ ਡਾ. ਜਗਮੋਣ ਸੰਘਾ, ਅਜੈਬ ਸਿੰਘ ਸੰਘਾ, ਇਕਬਾਲ ਸਿੰਘ ਬਰਾੜ, ਜੱਸੀ ਭੁੱਲਰ ,ਹਰਦਿਆਲ ਝੀਤਾ, ਰਿੰਟੂ ਭਾਟੀਆ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਬਮਲਜੀਤ ਕੌਰ ਮਾਨ, ਪਰਮਜੀਤ ਦਿਓਲ, ਸੁਖਚਰਨਜੀਤ ਕੌਰ ਗਿੱਲ ਅਤੇ ਸੁਰਿੰਦਰਜੀਤ ਕੌਰ ਗਿੱਲ ਨੇ ਵੀ ਆਪਣੀਆਂ ਭਾਵ ਪੂਰਤ ਅਤੇ ਮਿਆਰੀ ਰਚਨਾਵਾਂ ਨਾਲ ਵਿਸ਼ੇਸ਼ ਰੰਗ ਬੰਨਿਆਂ।
ਸਮਾਗਮ ਦੇ ਅਖੀਰ ਵਿੱਚ ਸੇਵਾ ਮੁਕਤ ਜ਼ਿਲਾ ਭਾਸ਼ਾ ਅਫਸਰ, ਪਟਿਆਲਾ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਸਿੰਘ ਚੀਮਾ ਨੇ ਸਮਾਗਮ ਤੇ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਦਾ ਸਮਾਗਮ ਬੇਹੱਦ ਪ੍ਰਭਾਵਸ਼ਾਲੀ ਰਿਹਾ ।ਉਹਨਾਂ ਸੁਰਿੰਦਰਪ੍ਰੀਤ ਘਣੀਆਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਕਵਿਤਾ ਕਵੀ ਦੇ ਸੱਚੇ- ਸੁੱਚੇ ਮਨ ਅਤੇ ਅਨੁਭਵ ਦਾ ਸਹਿਜ ਤੇ ਸੁਹਜਮਈ ਕਲਾਤਮਿਕ ਪ੍ਰਗਟਾਵਾ ਹੁੰਦੀ ਹੈ। ਉਹਨਾਂ ਇਸ ਮੌਕੇ ਸਮੂਹ ਹਾਜ਼ਰੀਨ ਦਾ ਸਭਾ ਵੱਲੋਂ ਧੰਨਵਾਦ ਵੀ ਕੀਤਾ। ਸਮਾਗਮ ਦੇ ਅਖੀਰ ਵਿੱਚ ਕਨੇਡੀਅਨ ਸਾਹਿਤ ਸਭਾ ਅਤੇ ਵਿਸ਼ਵ ਪੰਜਾਬੀ ਸਾਹਿਤਿਕ ਸਾਂਝਾ ਸਭਾ ਦੀ ਚੇਅਰਮੈਨ ਰਮਿੰਦਰ ਵਾਲੀਆ ਵੱਲੋਂ ਮਹਿਮਾਨ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ।ਇਸ ਮੌਕੇ ਡਾ. ਗੁਰਚਰਨ ਸਿੰਘ, ਗੁਰਦਿਆਲ ਸਿੰਘ ਮਲੂਕਾ ,ਹਰਪਾਲ ਸਿੰਘ ਭਾਟੀਆ, ਰਮਿੰਦਰ ਵਾਲੀਆ, ਮਕਸੂਦ ਚੌਧਰੀ, ਐਸ,ਐਸ. ਮੱਲੀ ਆਦਿ ਲੇਖਕ ਤੇ ਸਰੋਤੇ ਵੀ ਹਾਜ਼ਰ ਸਨ।