ਅਮਰੀਕਾ ਸਥਿਤ ਬੁੱਢਾ ਦਲ ਦੀ ਛਾਉਣੀ ਵਿੱਚ ਗਤਕਾ ਸਿਖਲਾਈ ਤੇ ਗੁਰਮਤਿ ਪੜ੍ਹਾਈ ਦੇ ਕੈਂਪ ਸ਼ੁਰੂ
ਅੰਮ੍ਰਿਤਸਰ:- 7 ਜੁਲਾਈ 2025 : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੀ ਅਮਰੀਕਾ ਸਥਿਤ ਛਾਉਣੀ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਪਲੇਨਫੀਲਡ ਇੰਡਿਆਨਾ ਵਿਖੇ ਨੌਜਵਾਨਾਂ ਨੂੰ ਸਿੱਖ ਮਾਰਸ਼ਲ ਆਰਟ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਸੰਗਤਾਂ ਵਿਸ਼ੇਸ਼ ਪ੍ਰਸ਼ੰਸਾ ਕਰ ਰਹੀਆਂ ਹਨ।
ਬਾਬਾ ਜਸਵਿੰਦਰ ਸਿੰਘ ਜੱਸੀ ਨੇ ਦਸਿਆ ਕਿ ਮੀਰੀ ਪੀਰੀ ਧਾਰਣ ਦਿਵਸ ਸਮੇਂ ਅਤੇ ਸ਼ਨੀਵਾਰ, ਐਤਵਾਰ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਅਤੇ ਬੁੱਢਾ ਦਲ ਸਿੱਖ ਸੂਰਮਿਆਂ, ਯੋਧਿਆਂ ਜਰਨੈਲਾਂ ਨੂੰ ਸਮਰਪਿਤ ਛਾਉਣੀ ਵਿਚ ਵਿਸ਼ੇਸ਼ ਗੁਰਮਤਿ ਕੈਂਪ ਲਗਾਏ ਜਾਂਦੇ ਹਨ। ਏਥੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿਤੀ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁੱਢਾ ਦਲ ਦੀ ਛਾਉਣੀ ਇੰਡਿਆਨਾ ਅਮਰੀਕਾ ਵਿਖੇ ਵੱਖ-ਵੱਖ ਵਰਗਾ ਵਿਚ ਬੱਚਿਆਂ ਨੂੰ ਵੰਡ ਕੇ ਗਤਕਾ ਸਿਖਲਾਈ ਦਿਤੀ ਜਾ ਰਹੀ ਹੈ ਅਤੇ ਘੋੜ ਸਵਾਰੀ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਗੁਰਮਤਿ ਦੀ ਪੜਾਈ ਦੇ ਨਾਲ ਨਾਲ ਜੰਗਜੂ ਅਭਿਆਸ ਲਈ ਗਤਕਾ ਸਿਖਲਾਈ ਦੇਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਗਤਕਾ ਮਾਸਟਰ ਇਸੇ ਕਾਰਜ ਲਈ ਬੱਚਿਆਂ ਨੂੰ ਖੂਬ ਮੇਹਨਤ ਕਰਵਾ ਰਹੇ ਹਨ।
ਸ. ਬੇਦੀ ਨੇ ਕਿਹਾ ਇਨ੍ਹਾਂ ਦਿਹਾੜਿਆਂ ਤੇ ਸੰਗਤਾਂ ਛਾਉਣੀ ਵਿੱਚ ਵੱਡੀ ਗਿਣਤੀ ਵਿੱਚ ਆਪਣੇ ਪ੍ਰੀਵਾਰਾਂ ਸਮੇਤ ਹਾਜ਼ਰੀਆਂ ਭਰ ਰਹੀਆਂ ਹਨ, ਰਾਗੀ, ਢਾਡੀ, ਪ੍ਰਚਾਰਕ ਵੀ ਸੰਗਤਾਂ ਦੀ ਸੇਵਾ ਵਿੱਚ ਸਿੱਖ ਇਤਿਹਾਸ ਤੇ ਗੁਰਮਤਿ ਦਾ ਵਿਖਿਆਣ ਕਰਦੇ ਹਨ। ਲੰਗਰਾਂ ਵਿੱਚ ਦਾਲ ਫੁਲਕੇ ਤੋਂ ਇਲਾਵਾ ਵੱਖ-ਵੱਖ ਪਦਾਰਥਾਂ ਜਲੇਬ, ਖੀਰ, ਪਕੌੜੇ ਆਦਿ ਦੀ ਸੇਵਾ ਅਤੁੱਟ ਕੀਤੀ ਜਾਂਦੀ ਹੈ।