ਬਠਿੰਡਾ ਜ਼ਿਲ੍ਹੇ ਵਿੱਚ ਬਲੈਕ ਆਊਟ ਹੋਣ ਦੀ ਸਥਿਤੀ ਵਿੱਚ ਲਾਇਟਾਂ ਦੀ ਵਰਤੋਂ 'ਤੇ ਰੋਕ : ਜ਼ਿਲ੍ਹਾ ਮੈਜਿਸਟ੍ਰੇਟ
ਅਸ਼ੋਕ ਵਰਮਾ
ਬਠਿੰਡਾ, 9 ਮਈ 2025: ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ 2023 ਦੀ ਧਾਰਾ 163 ਅਧੀਨ ਦੇ ਮੱਦੇਨਜ਼ਰ ਹੁਕਮ ਜਾਰੀ ਕੀਤੇ ਹਨ, ਜਾਰੀ ਹੁਕਮ ਅਨੁਸਾਰ ਜ਼ਿਲ੍ਹੇ ਵਿੱਚ ਬਲੈਕ ਆਊਟ ਹੋਣ ਦੀ ਸਥਿਤੀ ਵਿੱਚ ਇਨਵਰਟਰ, ਜਨਰੇਟਰਾਂ, ਬਾਹਰੀ ਲਾਈਟਾਂ, ਬਿੱਲ ਬੋਰਡ, ਸਟਰੀਟ ਲਾਈਟਾਂ ਅਤੇ ਸੋਲਰ ਲਾਈਟਾਂ ਲਈ ਵਰਤੇ ਜਾਣ ਵਾਲੇ ਕਿਸੇ ਵੀ ਹੋਰ ਪਾਵਰ ਬੈਕਅੱਪ ਦੀ ਵਰਤੋਂ 'ਤੇ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਂਦੀ ਹੈ।
ਜਾਰੀ ਹੁਕਮ ਅਨੁਸਾਰ ਜ਼ਿਲ੍ਹੇ ਵਿੱਚ ਸਾਰੇ ਸਿਨੇਮਾ ਹਾਲ, ਸ਼ਾਪਿੰਗ ਮਾਲ ਅਗਲੇ ਹੁਕਮਾਂ ਤੱਕ ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੱਕ (ਭਾਵ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ) ਬੰਦ ਰਹਿਣਗੇ। ਹੁਕਮ ਮੁਤਾਬਿਕ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ/ਲੰਬੀ ਬੀਮ ਲੇਜ਼ਰ/ਡੀ.ਜੇ ਲਾਈਟਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ, ਖਾਸ ਕਰਕੇ ਸ਼ਾਮ ਦੇ ਸਮੇਂ (ਭਾਵ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ)। ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸ਼ਾਮ ਦੇ ਸਮੇਂ ਕੋਈ ਵੀ ਜ਼ਿਲ੍ਹਾ ਵਾਸੀ ਜਦੋਂ ਤੱਕ ਜ਼ਰੂਰੀ ਨਾ ਹੋਵੇ, ਆਪਣੇ ਘਰੋਂ ਨਾ ਨਿਕਲਣ। ਜਨਤਾ ਆਮ ਤੌਰ 'ਤੇ ਰੋਸ਼ਨੀ ਨੂੰ ਘੱਟ ਤੋਂ ਘੱਟ ਕਰੇ। ਜੇਕਰ ਕੋਈ ਸਾਇਰਨ/ਸਿਗਨਲ ਵੱਜਦਾ ਹੈ, ਤਾਂ ਜਨਤਾ ਨੂੰ ਸਮੇਂ-ਸਮੇਂ 'ਤੇ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਤੁਰੰਤ ਪਾਲਣਾ ਕਰੇ।
ਇਹ ਹੁਕਮ ਪੁਲਿਸ, ਪੈਰਾ-ਮਿਲਟਰੀ, ਹਵਾਈ ਸੈਨਾ, ਐਸ.ਪੀ.ਜੀ. ਕਰਮਚਾਰੀਆਂ ਅਤੇ ਸਮਰੱਥ ਸਰਕਾਰੀ ਅਥਾਰਟੀ ਦੁਆਰਾ ਅਧਿਕਾਰਤ ਵਿਅਕਤੀਆਂ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹਸਪਤਾਲਾਂ ਅਤੇ ਐਮਰਜੈਂਸੀ ਸੇਵਾਵਾਂ ਆਦਿ 'ਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਹ ਹੁਕਮ ਪਹਿਲਾਂ ਦੇ ਹੁਕਮਾਂ ਦੁਆਰਾ ਇਸ ਦਫ਼ਤਰ ਦੁਆਰਾ ਛੋਟ ਪ੍ਰਾਪਤ ਅਦਾਰਿਆਂ 'ਤੇ ਲਾਗੂ ਨਹੀਂ ਹੋਵੇਗਾ।
ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਜੋ ਪਾਕਿਸਤਾਨ ਤੋਂ ਸੰਭਾਵੀ ਹਵਾਈ ਹਮਲੇ ਦੇ ਖ਼ਤਰੇ ਦੀ ਸੰਭਾਵਨਾ ਨੂੰ ਦਰਸਾਉਂਦੇ ਹਨ, ਜਨਤਕ ਸੁਰੱਖਿਆ ਅਤੇ ਰਣਨੀਤਕ ਹਿੱਤਾਂ ਦੀ ਰਾਖੀ ਲਈ ਰਾਤ ਦੇ ਸਮੇਂ ਸਬੰਧਤ ਪ੍ਰੋਟੋਕੋਲ ਦੇ ਤਹਿਤ ਲੋੜ ਅਨੁਸਾਰ ਪੂਰਾ ਬਲੈਕਆਊਟ ਲਾਗੂ ਕੀਤਾ ਜਾ ਸਕਦਾ ਹੈ।
ਇਨਵਰਟਰ, ਜਨਰੇਟਰ ਅਤੇ ਬਾਹਰੀ ਲਾਈਟਾਂ, ਬਿੱਲ ਬੋਰਡ, ਸਟਰੀਟ ਲਾਈਟਾਂ ਅਤੇ ਸੋਲਰ ਲਾਈਟਾਂ ਆਦਿ ਲਈ ਵਰਤੇ ਜਾਣ ਵਾਲੇ ਕਿਸੇ ਵੀ ਹੋਰ ਪਾਵਰ ਬੈਕਅੱਪ ਦੀ ਵਰਤੋਂ ਜ਼ਿਲ੍ਹੇ ਵਿੱਚ ਅੱਤਵਾਦੀ/ਡਰੋਨ/ਹਵਾਈ ਹਮਲੇ ਦੌਰਾਨ ਰਣਨੀਤਕ ਸੰਪਤੀਆਂ ਜਾਂ ਹੋਰ ਉੱਚ ਸੰਘਣੀ ਖੇਤਰਾਂ ਦੀ ਸੰਵੇਦਨਸ਼ੀਲਤਾ ਨੂੰ ਵਧਾ ਸਕਦੀ ਹੈ।
ਹੁਕਮ ਅਨੁਸਾਰ ਇਹ ਵੀ ਕਿਹਾ ਕਿ ਇਹ ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਵਿਆਹਾਂ, ਖੁਸ਼ੀ ਦੇ ਜਸ਼ਨਾਂ ਅਤੇ ਧਾਰਮਿਕ ਤਿਉਹਾਰਾਂ ਦੌਰਾਨ ਆਮ ਲੋਕਾਂ ਦੁਆਰਾ ਵੱਡੇ ਪੱਧਰ 'ਤੇ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਅਜਿਹੇ ਪਟਾਕਿਆਂ ਦੀ ਆਵਾਜ਼ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਦੀ ਹੈ, ਜਿਸ ਨਾਲ ਅਸਲ ਬੰਬ, ਡਰੋਨ ਅਤੇ ਮਿਜ਼ਾਈਲ ਹਮਲੇ ਦਾ ਡਰ ਪੈਦਾ ਹੋ ਸਕਦਾ ਹੈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ।
ਇਸ ਹੁਕਮ ਦੀ ਕਿਸੇ ਵੀ ਉਲੰਘਣਾ 'ਤੇ ਭਾਰਤੀ ਨਿਆਏ ਸੰਹਿਤਾ 2023 ਦੀ ਧਾਰਾ 223 ਅਤੇ ਕਾਨੂੰਨ ਦੇ ਹੋਰ ਸੰਬੰਧਿਤ ਉਪਬੰਧਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਇਹ ਹੁਕਮ ਅਗਲੇ ਹੁਕਮਾਂ ਤੱਕ 9 ਮਈ 2025 ਤੋਂ ਲਾਗੂ ਰਹੇਗਾ।