ਸ਼੍ਰੋਮਣੀ ਕਮੇਟੀ ਦੇ ਵਿਦਿਅਕ ਪ੍ਰਬੰਧਾਂ ਨੂੰ ਕੁਝ ਆਗੂਆਂ ਵੱਲੋਂ ਗਲਤ ਬਿਆਨਬਾਜੀ ਕਰਕੇ ਬਦਨਾਮ ਕਰਨਾ ਮੰਦਭਾਗਾ - ਕਮੇਟੀ ਅਹੁਦੇਦਾਰ
ਅੰਮ੍ਰਿਤਸਰ, 9 ਮਈ 2025 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਖਿਆ ਪ੍ਰਬੰਧਾਂ ਬਾਰੇ ਸਿਆਸੀ ਆਗੂਆਂ ਬੀਬੀ ਜਗੀਰ ਕੌਰ, ਸ. ਸੁਰਜੀਤ ਸਿੰਘ ਰੱਖੜਾ ਤੇ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤੀ ਜਾ ਰਹੀ ਗੁੰਮਰਾਹਕੁੰਨ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਰਘੁਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਸ. ਪਰਮਜੀਤ ਸੁੰਘ ਖਾਲਸਾ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਇਸ ਨੂੰ ਸੰਸਥਾ ਦੇ ਅਕਸ ਨੂੰ ਢਾਹ ਲਾਉਣ ਵਾਲੀ ਰਾਜਨੀਤੀ ਕਰਾਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕਿਹਾ ਕਿ ਬੇਸ਼ੱਕ ਸਿਖਿਆ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਪ੍ਰੰਤੂ ਸ਼੍ਰੋਮਣੀ ਕਮੇਟੀ ਆਪਣਾ ਫਰਜ਼ ਸਮਝਦਿਆਂ 100 ਤੋਂ ਵੱਧ ਸਿਖਿਆ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਸਿਆਸੀ ਹਿੱਤਾਂ ਲਈ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਅਤੇ ਪ੍ਰਬੰਧਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਸਿੱਖ ਸੰਸਥਾ ਨੂੰ ਕੰਮਜੋਰ ਕਰਨ ਦੀ ਡੂੰਘੀ ਸਾਜਿਸ਼ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੂੰ ਵਿਦਿਅਕ ਅਦਾਰਿਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ 2007 ਵਿਚ ਸਥਾਪਿਤ ਕੀਤਾ ਗਿਆ ਸੀ। ਜਿਸ ਦੀ ਅਗਵਾਈ ਵਿਚ ਸਮੂਹ ਵਿਦਿਅਕ ਸੰਸਥਾਵਾਂ ਵਿਚ ਮਿਸਾਲੀ ਕਾਰਜ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਤੱਤਕਾਲੀ ਡਾਇਰੈਕਟਰ ਡਾ. ਤੇਜਿੰਦਰ ਕੌਰ ਧਾਲੀਵਾਲ ਵਲੋ ਛੁੱਟੀ `ਤੇ ਜਾਣ ਕਾਰਨ ਤੱਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਹੀ ਡਾਇਰੈਕਟੋਰੇਟ ਦਾ ਵਾਧੂ ਚਾਰਜ ਸਕੱਤਰ ਵਿਦਿਆ ਨੂੰ ਦਿੱਤਾ ਗਿਆ ਸੀ। ਫਿਰ ਡਾ. ਤੇਜਿੰਦਰ ਕੌਰ ਧਾਲੀਵਾਲ ਵਲੋ ਅਸਤੀਫਾ ਦੇਣ ਤੋਂ ਬਾਅਦ ਡਾਇਰੈਕਟੋਰੇਟ ਦਾ ਵਾਧੂ ਚਾਰਜ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਸਕੱਤਰ ਵਿੱਦਿਆ ਨੂੰ ਦਿੱਤਾ ਗਿਆ। ਜਿਨ੍ਹਾਂ ਨੇ ਦੋ ਅਸਿਸਟੈਂਟ ਡਾਇਰੈਕਟਰਾਂ ਦੀ ਸਹਾਇਤਾ ਅਤੇ ਪ੍ਰਿੰਸੀਪਲਾਂ ਦੀਆਂ ਸੱਬ-ਕਮੇਟੀਆਂ ਬਣਾ ਕੇ ਡਾਇਰੈਕਟੋਰੇਟ ਦੇ ਕਾਰਜਾਂ ਨੂੰ ਬੜੀ ਕੁਸ਼ਲਤਾ ਨਾਲ ਚਲਾਇਆ।
ਉਨ੍ਹਾਂ ਕਿਹਾ ਕਿ ਸਕੱਤਰ ਵਿੱਦਿਆ ਵਲੋ ਇਸ ਵਾਧੂ ਚਾਰਜ ਦਾ ਕੋਈ ਵੀ ਵੱਖਰਾ ਵਿੱਤੀ ਲਾਭ ਨਾ ਲੈਂਦਿਆਂ ਸਕੂਲਾਂ/ਕਾਲਜਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਪੂਰੀਆਂ ਕਰਨ ਲਈ ਵੱਡੇ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਸਥਾਵਾਂ ਨੂੰ ਕਰਜਾ ਮੁਕਤ ਕਰਨ ਦੇ ਨਾਲ ਨਾਲ ਸੰਸਥਾਵਾਂ ਵਿਚ ਇੰਫਰਾਸਟ੍ਰਕਚਰ ਦੇਣਾ ਅਤੇ ਸੰਸਥਾਵਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਕੂਲਾਂ, ਕਾਲਜਾਂ ਵਿਚ ਸਮਾਰਟ ਕਲਾਸ ਰੂਮ, ਆਈ. ਸੀ. ਟੀ. ਲੈਬਜ਼, ਲੈਂਗੂਏਜ ਲੈਬਜ਼, ਛੋਟੇ ਬੱਚਿਆਂ ਲਈ ਪਲੇਅ ਸਟੇਸ਼ਨ ਦਾ ਪ੍ਰਬੰਧ ਕਰਵਾਉਣਾ ਆਦਿ ਅਹਿਮ ਕੰਮ ਸਨ, ਜਿਨ੍ਹਾਂ ਨੂੰ ਗੁਰੂ ਦੀ ਗੋਲਕ ਉੱਤੇ ਬਿਨਾ ਬੋਝ ਪਾਇਆਂ ਪੂਰਾ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਪਲੇਸਮੈਂਟ ਸੈੱਲ ਸਥਾਪਿਤ ਕਰਕੇ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਕਰਨਾ ਡਾਇਰੈਕਟੋਰੇਟ ਦਾ ਨਵੇਕਲਾ ਕਦਮ ਸੀ। ਜਿਸ ਅਧੀਨ ਵਿਦਿਆਰਥੀਆਂ ਲਈ ੰੌਛਖ ਇੰਟਰਵਿਊ ਅਤੇ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ। ਮਲਟੀਨੈਸ਼ਨਲ ਕੰਪਨੀਆਂ ਦੇ ਮੁਖੀਆਂ ਨਾਲ ਗੱਲ-ਬਾਤ ਕਰਕੇ ਵਿਦਿਆਰਥੀਆਂ ਲਈ ਨੌਕਰੀਆਂ ਦੇ ਰਾਹ ਖੋਲੇ ਗਏ। ਵਿਦਿਆਰਥੀਆਂ ਨੂੰ ਗਿਆਨ ਪ੍ਰਤੀ ਉਤਸ਼ਾਹ ਕਰਨ ਲਈ ਕੁਇਜ਼ ਮੁਕਾਬਲੇ ਅਤੇ ਕਵੀਸ਼ਰੀ ਮੁਕਾਬਲੇ (ਗਿਆਨੁ ਪਰਚੰਡੁ ਪ੍ਰਸ਼ਨੋਤਰੀ ਮੁਕਾਬਲੇ ਅਤੇ ਕਾਵਿ-ਏ-ਸਿੱਖੀ ਦੇ ਨਾਮ ਹੇਠ) ਕਰਵਾਏ ਜਾ ਰਹੇ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਇਨਾਮ ਵਜੋਂ ਦਿੱਤੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਸਾਫਟ ਸਕਿਲਜ਼ ਵਿਚ ਮਾਹਿਰ ਕਰਨ ਲਈ ਨਿਰੰਤਰ ਯੋਗ ਮਾਹਿਰਾਂ ਜਰੀਏ ਸਿੱਖਿਅਤ ਕੀਤਾ ਜਾ ਰਿਹਾ ਹੈ। ਇਹ ਮਿਸਾਲੀ ਸੁਧਾਰ ਲਿਆਉਣਾ ਇਮਾਨਦਾਰੀ ਅਤੇ ਕਾਰਜਸ਼ੈਲੀ ਦਾ ਹੀ ਸਬੂਤ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸੰਸਥਾ ਨੇ ਕਾਲਜਾਂ ਵਿੱਚ ਕਿੱਤਾ ਮੁਖੀ ਕੋਰਸਾਂ ਦੀ ਸ਼ੁਰੂਆਤ ਕੀਤੀ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਕਰਕੇ ਹੁਣ ਹਜ਼ਾਰਾਂ ਹੀ ਵਿਦਿਆਰਥੀ ਇਨ੍ਹਾਂ ਸਕੀਮਾਂ ਤੋਂ ਲਾਹਾ ਖੱਟ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਨੀਤੀਆਂ ਨੂੰ ਹੋਂਦ ਵਿੱਚ ਲਿਆਂਦਾ ਗਿਆ। ਜਿਸ ਅਧੀਨ ਅਧਿਆਪਕਾਂ ਦੀਆਂ ਵਰਕਸ਼ਾਪ, ਓਰੀਐਨਟੇਸ਼ਨ ਅਤੇ ਐਫ਼ਡੀਪੀ ਪ੍ਰੋਗਰਾਮ ਕਰਵਾਉਣਾ ਅਤੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਇੰਟਰਨੈਸ਼ਨਲ ਸੈਮੀਨਾਰ ਅਤੇ ਕਾਨਫਰੰਸਾਂ ਕਰਵਾਉਣਾ ਡਾਇਰੈਕਟੋਰੇਟ ਦਾ ਅਹਿਮ ਕੰਮ ਹੈ। ਸਿੱਖ ਵਿਦਿਆਰਥੀਆਂ ਨੂੰ ਉੱਚ ਪ੍ਰਸ਼ਾਸ਼ਨਿਕ ਅਹੁਦਿਆਂ `ਤੇ ਪਹੁੰਚਾਉਣ ਲਈ ਨਿਸ਼ਚੈ ਸਿਵਿਲ ਸਰਵਸਿਜ ਅਤੇ ਨਿਸ਼ਚੈ ਜੂਡੀਸ਼ੀਅਲ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ । ਵਿਦਿਆਰਥੀਆਂ ਵਿਚ ਉਚੇਰੀ ਵਿੱਦਿਆ ਦੇ ਰਾਹ ਵਿਦੇਸ਼ਾਂ ਤੱਕ ਖੋਲਣ ਲਈ ਬਾਹਰਲੀਆਂ ਸੰਸਥਾਵਾਂ ਨਾਲ ਸਮਝੌਤੇ ਹੋਂਦ ਵਿੱਚ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਜਿਸ ਪੱਧਰ ਤੇ ਅੱਜ ਸਿੱਖੀ ਸਿਧਾਂਤਾਂ ਅਨੁਸਾਰ ਕਾਰਜ ਕਰ ਰਹੇ ਹਨ ਉਨ੍ਹਾਂ ਦੇ ਨਤੀਜਿਆਂ ਤੋਂ ਚਿੰਤਤ ਹੋ ਕਿ ਵਿਰੋਧੀਆਂ ਵੱਲੋਂ ਸਾਡੀਆਂ ਸੰਸਥਾਵਾਂ ਨੂੰ ਅੱਜ ਨਹੀ ਤਾਂ ਕੱਲ ਨਿਸ਼ਾਨੇ ਤੇ ਲਿਆਉਣਾ ਹੀ ਸੀ ਇਸ ਵਿਚ ਕੋਈ ਦੋ ਰਾਏ ਨਹੀ। ਇਹ ਵਿਦਿਅਕ ਅਦਾਰੇ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਬੱਚਿਆਂ ਨੂੰ ਗੁਰੂ ਸਾਹਿਬ ਦੇ ਸਿਧਾਂਤ ਨਾਲ ਜੋੜਨ ਦਾ ਕਾਰਜ ਨਿਰੰਤਰ ਕਰ ਰਹੇ ਹਨ। ਬੱਚਿਆਂ ਨੂੰ ਗੁਰਬਾਣੀ ਕੀਰਤਨ ਤੋਂ ਲੈ ਕੇ ਵਿਗਿਆਨ ਤੱਕ ਦੀ ਵਿੱਦਿਆ ਅਤਿਆਧੁਨਿਕ ਤਰੀਕਿਆਂ ਨਾਲ ਦਿੱਤੀ ਜਾ ਰਹੀ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਵਿਦਿਅਕ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਜਿੱਥੇ ਡਾਇਰੈਕਟੋਰੇਟ ਦੀ ਟੀਮ ਸੇਵਾ ਭਾਵਨਾ ਨਾਲ ਜਿੰਮੇਵਾਰੀ ਨਿਭਾਅ ਰਹੀ ਹੈ ਉੱਥੇ ਤੁਸੀ ਵੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਸੁਝਾਅ ਦੇਣ ਦੀ ਮਨਸ਼ਾ ਨਾਲ ਅਗੇ ਆਵੋ ਅਤੇ ਸੰਸਥਾ ਨੂੰ ਢਾਅ ਲਾ ਰਹੀਆਂ ਤਾਕਤਾਂ ਤੋ ਸੁਚੇਤ ਰਹੋ।